ਸਾਬਕਾ ਵਿਧਾਇਕ ਦੇ ਨੌਜਵਾਨ ਪੁੱਤਰ ਦੀ ਸੜਕ ਹਾਦਸੇ ਵਿਚ ਮੌਤ

ਕੈਲਗਰੀ , 25 ਅਗਸਤ (ਜਸਜੀਤ ਸਿੰਘ ਧਾਮੀ)-ਉੱਤਰ-ਪੱਛਮੀ ਕੈਲਗਰੀ ਵਿਚ ਹੋਏ ਖ਼ਤਰਨਾਕ ਸੜਕ ਹਾਦਸਾ ਵਿਚ ਇਕ ਮੋਟਰਸਾਈਕਲ ਸਵਾਰ ਪੰਜਾਬੀ ਮੂਲ ਦੇ 20 ਸਾਲਾਂ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਕੈਲਗਰੀ ਪੁਲਿਸ ਨੇ ਪੰਜਾਬੀ ਨੌਜਵਾਨ ਦਾ ਨਾਂਅ ਜਾਰੀ ਨਹੀਂ ਕੀਤਾ। ਉਨ੍ਹਾਂ ਕਿਹਾ ਹੈ ਕਿ ਅਜੇ ਕੇਸ ਦੀ ਜਾਂਚ ਚੱਲ ਰਹੀ ਹੈ। ਕੈਲਗਰੀ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਘਟਨਾ ਇਕ ਮੋਟਰਸਾਈਕਲ ਅਤੇ ਇਕ ਐਸ. ਯੂ. ਵੀ. ਨਾਲ ,16 ਐਵੇਨਿਊ ਅਤੇ 10 ਸਟਰੀਟ ਉੱਤਰ-ਪੱਛਮੀ ਦੇ ਚੌਰਾਹੇ ਦੇ ਨੇੜੇ ਰਾਤ ਨੂੰ ਵਾਪਰੀ ਹੈ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਸੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਉਮਰ 20 ਸਾਲ ਦੱਸੀ ਹੈ ਪਰ ਉਸ ਦਾ ਨਾਂਅ ਨਾ ਜਾਰੀ ਕਰਦੇ ਹੋਏ ਕਿਹਾ ਹੈ ਕਿ ਹੋਰ ਵੇਰਵਿਆ ਦੀ ਉਡੀਕ ਕਰ ਲੈਣੀ ਚਾਹੀਦੀ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਪੰਜਾਬੀ ਮੂਲ ਦੇ ਸਾਬਕਾ ਵਿਧਾਇਕ ਦਾ ਪੁੱਤਰ ਹੈ।