JALANDHAR WEATHER

25-08-25

 ਤੁਰ ਗਿਆ ਕਾਮੇਡੀ ਦਾ ਬਾਦਸ਼ਾਹ
ਜਿਵੇਂ ਪੁਰਾਣੇ ਸਮੇਂ ਦੀਆਂ ਪੰਜਾਬੀ ਫਿਲਮਾਂ 'ਮੇਹਰ ਮਿੱਤਲ' ਤੋਂ ਬਿਨਾਂ ਅਧੂਰੀਆਂ ਸਨ, ਇਸੇ ਤਰ੍ਹਾਂ ਵਰਤਮਾਨ ਦੌਰ ਦੀਆਂ ਪੰਜਾਬੀ ਫਿਲਮਾਂ 'ਜਸਵਿੰਦਰ ਭੱਲਾ' ਤੋਂ ਬਿਨਾਂ ਅਧੂਰੀਆਂ ਜਾਪਦੀਆਂ ਹਨ। ਉਨ੍ਹਾਂ ਦਾ 1988 ਤੋਂ 'ਛਣਕਾਟੇ' ਨਾਲ ਸ਼ੁਰੂ ਹੋਇਆ ਸਫ਼ਰ ਪੰਜਾਬੀ ਫ਼ਿਲਮਾਂ ਤੋਂ ਹੁੰਦਾ ਹੋਇਆ 2025 ਵਿਚ ਉਨ੍ਹਾਂ ਦੇ ਦਿਹਾਂਤ ਨਾਲ ਖ਼ਤਮ ਹੋ ਗਿਆ। ਉਹ ਠੋਕ ਕੇ ਪੋਚਵੀਂ ਪੱੱਗ ਬੰਨ੍ਹਣ ਵਾਲਾ ਅਜਿਹਾ ਹਾਸਰਸ ਕਲਾਕਾਰ ਸੀ ਕਿ ਹਰੇਕ ਨਾਮੀ ਪੰਜਾਬੀ ਫ਼ਿਲਮ ਨਿਰਦੇਸ਼ਕ ਦੀ ਪਹਿਲੇ ਪਸੰਦ ਸੀ ਅਤੇ ਦਰਸ਼ਕ ਵੀ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਬਹੁਤ ਪਸੰਦ ਕਰਦੇ ਸਨ। ਉਨ੍ਹਾਂ ਨੇ ਪੰਜਾਬ, ਪੰਜਾਬੀਅਤ, ਪੰਜਾਬੀ ਬੋਲੀ ਦੀ ਪੰਜਾਬੀ ਫ਼ਿਲਮਾਂ ਰਾਹੀਂ ਬਹੁਤ ਵੱਡੀ ਸੇਵਾ ਕੀਤੀ। ਹਰੇਕ ਫ਼ਿਲਮ ਵਿਚ ਉਨ੍ਹਾਂ ਦੀ ਕਾਮੇਡੀ ਬਹੁਤ ਵਧੀਆ ਹੁੰਦੀ ਸੀ, ਖ਼ਾਸ ਤੌਰ 'ਤੇ 'ਕੈਰੀ ਆਨ ਜੱਟਾ', 'ਜੱਟ ਐਂਡ ਜੂਲੀਅਟ' ਜਿਹੀਆਂ ਫ਼ਿਲਮਾਂ ਵਿਚ ਉਨ੍ਹਾਂ ਨੇ ਬਿਹਤਰੀਨ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਦੇ ਮਸ਼ਹੂਰ ਡਾਇਲਾਗ 'ਜ਼ਮੀਨ ਬੰਜਰ ਤੇ ਔਲਾਦ ਕੰਜਰ ਰੱਬ ਕਿਸੇ ਨੂੰ ਨਾ ਦੇਵੇ', 'ਕਾਲਾ ਕੋਟ ਐਵੇਂ ਨਹੀਂ ਪਾਇਆ' ਆਦਿ ਸੁਣ ਕੇ ਕੋਈ ਵੀ ਹੱਸਣੋਂ ਨਹੀਂ ਰਹਿ ਸਕਦਾ ਸੀ। ਫ਼ਿਲਮ ਇੰਡਸਟਰੀਜ਼ ਵਿਚ ਵੀ ਨਾਮਣਾ ਖੱਟਣ ਵਾਲੇ ਇਸ ਅਦਾਕਾਰ ਨੇ ਉੱਚ ਪੱਧਰ ਦੀ ਪੜ੍ਹਾਈ ਕੀਤੀ ਸੀ। ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਭਾਵੇਂ ਕਿ ਇਸ ਫਾਨੀ ਸੰਸਾਰ ਤੋਂ ਸਭ ਨੇ ਚਲੇ ਜਾਣਾ ਹੈ, ਪਰ ਉਨ੍ਹਾਂ ਦੀ ਬੇਵਕਤੀ ਮੌਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਵਧੀਆ ਲੇਖ
'ਅਜੀਤ' ਮੈਗਜ਼ੀਨ ਵਿਚ ਦਰਸ਼ਨ ਸਿੰਘ ਆਸ਼ਟ (ਡਾ.) ਦਾ ਲਿਖਿਆ ਲੇਖ ਬਾਲ ਸਾਹਿਤ ਰਾਹੀਂ ਉਸਾਰੂ ਸੁਨੇਹੇ ਦੇਣ ਵਾਲਾ ਸਾਹਿਤਕਾਰ ਪਾਲੀ ਖ਼ਾਦਿਮ ਬਾਰੇ ਪੜ੍ਹਿਆ। ਸਾਹਿਤ ਅਕਾਦਮੀ, ਦਿੱਲੀ ਵਲੋਂ ਸਾਲ 2025 ਲਈ 24 ਭਾਰਤੀ ਜ਼ੁਬਾਨਾਂ ਲਈ ਐਲਾਨੇ ਗਏ ਕੌਮੀ ਬਾਲ ਸਾਹਿਤ ਪੁਰਸਕਾਰਾਂ ਵਿਚੰ ਪੰਜਾਬੀ ਦੇ ਹਿੱਸੇ ਦਾ ਪੁਰਸਕਾਰ ਪਾਲੀ ਖ਼ਾਦਿਮ ਦੇ ਬਾਲ ਨਾਵਲ 'ਜਾਦੂ-ਪੱਤਾ' ਦੇ ਹਿੱਸੇ ਆਇਆ ਹੈ। ਉਸ ਦਾ ਪੂਰਾ ਨਾਂਅ ਅੰਮ੍ਰਿਤਪਾਲ ਸਿੰਘ ਹੈ। ਪਾਲੀ ਖ਼ਾਦਿਮ ਉਸ ਦਾ ਸਾਹਿਤਕ ਨਾਂਅ ਹੈ। ਪਾਲੀ ਖ਼ਾਦਿਮ ਨੂੰ ਅਧਿਆਪਨ ਕਿੱਤੇ ਪ੍ਰਤੀ ਜ਼ਿੰਮੇਵਾਰੀ ਦੇ ਮੱਦੇਨਜ਼ਰ ਪਹਿਲਾ ਸਟੇਟ ਐਵਾਰਡ ਅਤੇ ਫਿਰ ਭਾਰਤ ਦੇ ਰਾਸ਼ਟਰਪਤੀ ਵਲੋਂ ਕੌਮੀ ਪੁਰਸਕਾਰ ਪ੍ਰਾਪਤ ਹੋ ਚੁੱਕੇ ਹਨ। ਉਸ ਦੀ ਧਾਰਨਾ ਹੈ ਕਿ ਦਿਲ ਦੇ ਚਿਰਾਗ ਬਾਲ ਕੇ ਹੀ ਹਨੇਰੇ ਕੋਨਿਆਂ ਨੂੰ ਉੱਜਵਲ ਕੀਤਾ ਜਾ ਸਕਦਾ ਹੈ। ਇਸ ਨਾਵਲ ਰਾਹੀਂ ਉਸ ਨੇ ਮਨੁੱਖ ਨੂੰ ਖ਼ਬਰਦਾਰ ਕੀਤਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਅਤੇ ਵਾਤਾਵਰਨ ਦੀ ਸੰਭਾਲ ਵੱਲ ਫੌਰੀ ਧਿਆਨ ਦੇਣ ਦੀ ਜ਼ਰੂਰਤ ਹੈ। ਦਰਸ਼ਨ ਸਿੰਘ ਆਸ਼ਟ (ਡਾ.) ਜੀ ਦਾ ਧੰਨਵਾਦ ਜਿਨ੍ਹਾਂ ਇਸ ਲੇਖ ਰਾਹੀਂ ਮੇਰੇ ਵਰਗੇ ਅਨੇਕਾਂ ਪਾਠਕਾਂ ਦੇ ਗਿਆਨ ਵਿਚ ਵਾਧਾ ਕੀਤਾ ਹੈ।

-ਜੋਗਿੰਦਰ ਸਿੰਘ ਲੋਹਾਮ
ਡਬਲਿਊ-37/265, ਜਮੀਅਤ ਸਿੰਘ ਰੋਡ, ਮੋਗਾ।

ਲਿੰਗਕ ਪਾੜਾ ਅਤੇ ਮਾਨਸਿਕਤਾ
ਸਾਡੀ ਸੋਚ ਧੀਆਂ ਧਿਆਣੀਆਂ ਪ੍ਰਤੀ ਸਰਦਲ 'ਤੇ ਜਾ ਕੇ ਅਟਕ ਜਾਂਦੀ ਹੈ। ਭਾਰਤ ਦੀ ਸੰਸਕ੍ਰਿਤੀ ਵਿਚ ਔਰਤ ਨੂੰ ਉੱਚਾ ਰੱਖਣ ਦਾ ਯਤਨ ਕੀਤਾ ਹੈ, ਹਰ ਥਾਂ ਔਰਤ ਨੂੰ 50 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਂਦਾ ਹੈ। ਦੂਜੇ ਪਾਸੇ ਮਰਦ ਦੀ ਮਰਦਾਨਗੀ ਅਤੇ ਪ੍ਰਧਾਨਗੀ ਵੀ ਔਰਤ ਦੀ ਜਾਨ ਦਾ ਖੌਅ ਬਣੀ ਰਹਿੰਦੀ ਹੈ। ਇਸ ਸਭ ਨਾਲ ਲਿੰਗਕ ਪਾੜਾ ਵਧਿਆ ਹੈ। ਸਰਕਾਰ ਦੇ ਲਿੰਗਕ ਪਾੜੇ ਨੂੰ ਮਿਟਾਉਣ ਲਈ ਯਤਨ ਜਾਰੀ ਰਹਿੰਦੇ ਹਨ। ਪਰ ਚੋਰ ਮੋਰੀ ਭਰੂਣ ਹੱਤਿਆਵਾਂ ਵੀ ਜਾਰੀ ਹਨ। 2024 'ਚ ਛਪੀ ਰਿਪੋਰਟ ਮੁਤਾਬਿਕ ਕਾਰਪੋਰੇਟ ਖੇਤਰ ਦੀ ਉੱਚੀ ਲੀਡਰਸ਼ਿਪ ਵਿਚ ਔਰਤਾਂ ਦੀ ਹਿੱਸੇਦਾਰੀ 18 ਫ਼ੀਸਦੀ ਹੈ, ਜੋ ਘੱਟ ਸੀ। ਉਂਝ ਔਰਤਾਂ ਹਰ ਥਾਂ ਆਪਣੀ ਵੱਖਰੀ ਪਹਿਚਾਣ ਬਣਾ ਕੇ ਉੱਚ ਅਹੁਦਿਆਂ 'ਤੇ ਜਾ ਰਹੀਆਂ ਹਨ। ਹੁਣੇ ਹੀ ਤਾਜ਼ਾ ਹਿੰਦੁਸਤਾਨ ਲਿਵਰ ਨੇ ਆਪਣੇ 92 ਸਾਲਾ ਦੇ ਇਤਿਹਾਸ ਵਿਚ ਪਹਿਲੀ ਵਾਰੀ ਪ੍ਰਿਆ ਨਾਇਰ ਧੀ ਧਿਆਣੀ ਨੂੰ ਐਮ.ਡੀ. ਨਾਮਜ਼ਦ ਕੀਤਾ ਹੈ। ਇਸ ਨਾਲ ਧੀਆਂ ਨੂੰ ਹੋਰ ਵੀ ਹੁਲਾਰਾ ਮਿਲੇਗਾ। ਅੱਜ ਲਿੰਗਕ ਪਾੜਾ ਸਹੀ ਅਤੇ ਸੰਤੁਲਿਤ ਰੱਖਣ ਲਈ ਮਰਦ ਮਾਨਸਿਕਤਾ ਨੂੰ ਬਦਲਣ ਦੀ ਜ਼ਰੂਰਤ ਹੈ। ਜੇ ਸਾਹਮਣੇ ਖੜ੍ਹੀ ਔਰਤ ਦੀ ਆਪਣੇ ਘਰ ਦੀ ਔਰਤ ਨਾਲ ਤੁਲਨਾ ਕਰ ਲਈ ਜਾਵੇ ਤਾਂ ਹਿੰਸਾ ਨਹੀਂ ਹੋ ਸਕਦੀ। ਆਓ, ਲਿੰਗਕ ਪਾੜਾ ਸਹੀ ਰੱਖਣ ਲਈ ਸਮਾਜਿਕ ਮਾਨਸਿਕਤਾ ਵਿਚ ਬਦਲਾਅ ਕਰੀਏ। ਹਰ ਔਰਤ ਦਾ ਸਤਿਕਾਰ ਕਰੀਏ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਵਿਕਾਸ ਅਤੇ ਵਾਤਾਵਰਨ ਮਾਡਲ
ਵਿਕਾਸ ਇਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਮਨੁੱਖ ਨੂੰ ਆਪਣੀ ਸੰਪੂਰਨ ਜ਼ਿੰਦਗੀ ਦੌਰਾਨ ਇਸ ਵਿਕਾਸ ਪ੍ਰਕਿਰਿਆ ਵਿਚ ਵਿਚਰਦਿਆਂ ਹੋਇਆਂ ਕਈ ਪਰਿਵਰਤਨਾਂ 'ਚੋਂ ਗੁਜ਼ਰਨਾ ਹੁੰਦਾ ਹੈ। ਵਿੱਦਿਆ ਲਈ ਸਕੂਲ ਕਾਲਜ ਜਾਣਾ, ਕੋਈ ਧੰਦਾ ਜਾਂ ਨੌਕਰੀ ਕਰਨਾ, ਵਿਵਾਹਿਰਕ ਜੀਵਨ ਦੀ ਸ਼ੁਰੂਆਤ ਕਰਨਾ ਆਦਿ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਮਨੁੱਖ ਨੂੰ ਆਪਣੇ ਜੀਵਨ ਕਾਲ ਵਿਚ ਜੈਵਿਕ ਅਤੇ ਵਾਤਾਵਰਨ ਸੰਬੰਧੀ ਪਰਿਵਰਤਨਾਂ ਵਿਚੋਂ ਗੁਜ਼ਰਨਾ ਹੁੰਦਾ ਹੈ। ਇਹ ਸਾਰੇ ਪਰਿਵਰਤਨ ਸਾਡੇ ਜੀਵਨ ਦੀ ਵਿਕਾਸ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ। ਇਕ ਬੱਚਾ ਆਪਣੇ ਪਰਿਵਾਰ ਵਿਚ ਰਹਿੰਦਾ ਹੋਇਆ ਪਰਿਵਾਰ ਦੇ ਮੈਂਬਰਾਂ, ਮਿੱਤਰਾਂ-ਦੋਸਤਾਂ, ਸਕੂਲ ਵਿਚ ਅਧਿਆਪਕਾਂ ਅਤੇ ਆਂਢ-ਗੁਆਂਢ ਨਾਲ ਸਿੱਧੇ ਤੌਰ 'ਤੇ ਆਪਸੀ ਕਿਰਿਆਵਾਂ ਕਰਦਾ ਹੈ। ਇਨ੍ਹਾਂ ਸਭ ਆਪਸੀ ਕਿਰਿਆਵਾਂ ਦਾ ਅਸਰ ਬੱਚੇ ਦੀ ਵਿਕਾਸ ਪ੍ਰਕਿਰਿਆ ਉਤੇ ਪੈਂਦਾ ਹੈ। ਮਾਤਾ-ਪਿਤਾ ਬੱਚੇ ਨੂੰ ਕਿਸ ਤਰ੍ਹਾਂ ਦੀ ਭਾਵਨਾ ਤੇ ਨਜ਼ਰ ਨਾਲ ਦੇਖਦੇ ਹਨ ਅਤੇ ਬੱਚਾ ਆਪਣੇ ਮਾਤਾ-ਪਿਤਾ ਨੂੰ ਕਿਸ ਤਰ੍ਹਾਂ ਦੀ ਭਾਵਨਾ ਨਾਲ ਮਹਿਸੂਸ ਕਰਦਾ ਹੈ। ਇਸ ਦਾ ਅਸਰ ਵੀ ਅਪ੍ਰਤੱਖ ਤੌਰ 'ਤੇ ਵਿਕਾਸ ਉਤੇ ਪੈਂਦਾ ਹੈ। ਮਾਤਾ-ਪਿਤਾ ਦਾ ਕੰਮ ਧੰਦਾ, ਧਾਰਮਿਕ ਸਥਾਨ, ਸਮਾਜਿਕ ਸੰਗਠਨ ਤੇ ਹਸਪਤਾਲ ਆਦਿ ਵੀ ਵਿਕਾਸ 'ਤੇ ਪ੍ਰਭਾਵ ਪਾਉਂਦੇ ਹਨ। ਸਮਾਜ ਦੇ ਕਾਨੂੰਨਾਂ, ਰੀਤੀ-ਰਿਵਾਜਾਂ ਅਤੇ ਸੱਭਿਆਚਾਰਕ ਨਿਯਮਾਂ ਦੁਆਰਾ ਮਿਲੀ ਪ੍ਰਸੰਸਾ ਵੀ ਵਿਕਾਸ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀ ਹੈ। ਇਨ੍ਹਾਂ ਤੱਤਾਂ ਦੇ ਨਾਲ ਸਮਾਜਿਕ ਤੇ ਆਰਥਿਕ ਸਥਿਤੀ ਬੱਚੇ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ: ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।

ਖ਼ਸਤਾ ਹਾਲਤ ਸੜਕਾਂ ਦਾ ਸਥਾਈ ਹੱਲ ਜ਼ਰੂਰੀ
ਹਰ ਸਾਲ ਮੌਨਸੂਨ ਦੌਰਾਨ ਸ਼ਹਿਰ ਦੀਆਂ ਸੜਕਾਂ ਖੱਡਿਆਂ ਵਿਚ ਤਬਦੀਲ ਹੋ ਜਾਂਦੀਆਂ ਹਨ। ਬਾਰਿਸ਼ ਤੋਂ ਬਾਅਦ ਜਦੋਂ ਸੜਕਾਂ 'ਤੇ ਪਾਣੀ ਭਰ ਜਾਂਦਾ ਹੈ, ਤਾਂ ਉਹ ਅਦ੍ਰਿਸ਼ ਹੋ ਜਾਂਦੀਆਂ ਹਨ ਅਤੇ ਲੋਕ ਆਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਘਰਾਂ ਤੋਂ ਬਾਹਰ ਨਿਕਲਣ ਲਈ ਮਜਬੂਰ ਹੋ ਜਾਂਦੇ ਹਨ। ਇਸ ਵਾਰ ਵੀ ਕੇਵਲ ਕੁਝ ਘੰਟਿਆਂ ਦੀ ਵਰਖਾ ਨੇ ਹੀ ਸਾਰੀਆਂ ਪ੍ਰਸ਼ਾਸਨਿਕ ਤਿਆਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਹਮੇਸ਼ਾ ਦੀ ਤਰ੍ਹਾਂ ਨੀਵੀਂ ਬਸਤੀ ਵਾਲੇ ਇਲਾਕਿਆਂ ਵਿਚ ਪਾਣੀ ਘਰਾਂ ਵਿਚ ਦਾਖ਼ਲ ਹੋ ਗਿਆ, ਵਾਹਨ ਖੱਡਿਆਂ ਵਿਚ ਫਸ ਗਏ ਜਾਂ ਪਾਣੀ ਦੇ ਵਹਾਅ ਨਾਲ ਵਹਿ ਗਏ। ਸਵਾਲ ਇਹ ਹੈ ਕਿ ਪ੍ਰਸ਼ਾਸਨ ਹਰ ਸਾਲ ਮੌਸਮ ਦੀ ਪੇਸ਼ਗੀ ਜਾਣਦੇ ਹੋਏ ਵੀ ਅਣਜਾਣ ਬਣ ਕੇ ਕਿਉਂ ਬੈਠਾ ਰਹਿੰਦਾ ਹੈ? ਸੜਕਾਂ ਦੀ ਸਥਿਤੀ ਹਰੇਕ ਮੌਨਸੂਨ ਵਿਚ ਬੇਨਕਾਬ ਹੋ ਜਾਂਦੀ ਹੈ, ਪਰ ਠੋਸ ਅਤੇ ਸਥਾਈ ਕਦਮ ਲੈਣ ਦੀ ਥਾਂ ਸਿਰਫ ਅਸਥਾਈ ਮੁਰੰਮਤ ਨਾਲ ਕੰਮ ਚਲਾਇਆ ਜਾਂਦਾ ਹੈ। ਸਮਾਂ ਆ ਗਿਆ ਹੈ ਕਿ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਸੜਕਾਂ ਦੀ ਗੰਭੀਰਤਾ ਨਾਲ ਜਾਂਚ ਕਰੇ, ਉਨ੍ਹਾਂ ਦੀ ਮਜ਼ਬੂਤੀ ਅਤੇ ਮਿਆਰੀ ਮੁਰੰਮਤ ਨੂੰ ਯਕੀਨੀ ਬਣਾਏ ਅਤੇ ਨਿਕਾਸੀ ਪ੍ਰਣਾਲੀ ਨੂੰ ਸੁਧਾਰੇ। ਇਨ੍ਹਾਂ ਸਮੱਸਿਆਵਾਂ ਲਈ ਸਥਾਈ ਹੱਲ ਲੱਭਣਾ ਬੇਹੱਦ ਜ਼ਰੂਰੀ ਹੋ ਗਿਆ ਹੈ।

-ਰੋਮਨਜੀਤ ਸਿੰਘ
ਸਰਹਿੰਦ, ਫ਼ਤਹਿਗੜ੍ਹ ਸਾਹਿਬ।