ਲਗਾਤਾਰ ਪੈ ਰਹੀ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਗਰ ਕੌਂਸਲ ਮਲੋਟ ਹੋਈ ਪੱਬਾਂ ਭਾਰ

ਮਲੋਟ, 25 ਅਗਸਤ (ਪਾਟਿਲ)-ਬੀਤੇ 30 ਘੰਟਿਆਂ ਤੋਂ ਵੀ ਵੱਧ ਸਮੇਂ ਤੋਂ ਮਲੋਟ ਵਿਖੇ ਪੈ ਰਹੀ ਲਗਾਤਾਰ ਬਾਰਿਸ਼ ਨੇ ਮਲੋਟ ਵਾਸੀਆਂ ਲਈ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਗਲੀ-ਮੁਹੱਲੇ ਤੇ ਸ਼ਹਿਰ ਦੇ ਹਰੇਕ ਇਲਾਕੇ ਵਿਚ ਬਾਜ਼ਾਰਾਂ ਵਿਚ ਪਾਣੀ ਭਰ ਗਿਆ ਹੈ, ਜਿਸ ਨਾਲ ਲੋਕਾਂ ਦੇ ਆਉਣ-ਜਾਣ ਤੋਂ ਇਲਾਵਾ ਦੁਕਾਨਦਾਰੀ ਵੀ ਠੱਪ ਹੋ ਕੇ ਰਹਿ ਗਈ ਹੈ। ਮਾੜੇ ਸੀਵਰੇਜ ਪ੍ਰਬੰਧਾਂ ਨੂੰ ਲੈ ਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸਥਾਨਕ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਮਲੋਟ ਸ਼ਹਿਰ ਦੇ ਕਿਸੇ ਵੀ ਇਲਾਕੇ ਵਿਚ ਸੀਵਰੇਜ ਸਮੱਸਿਆ ਕਾਰਨ ਪਾਣੀ ਦੀ ਨਿਕਾਸੀ ਨੂੰ ਦਰੁੱਸਤ ਰੱਖਿਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਇਸ ਅਣਗਹਿਲੀ ਲਈ ਅਧਿਕਾਰੀ ਖੁਦ ਜ਼ਿੰਮੇਵਾਰ ਹੋਣਗੇ ਅਤੇ ਮਲੋਟ ਵਾਸੀਆਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਉਧਰ ਦੂਜੇ ਪਾਸੇ ਨਗਰ ਕੌਂਸਲ ਵੀ ਭਾਰੀ ਬਾਰਿਸ਼ ਕਾਰਨ ਇਲਾਕੇ ਦੇ ਕਈ ਹਿੱਸਿਆਂ ਵਿਚ ਪਾਣੀ ਭਰ ਜਾਣ ਕਾਰਨ ਅਤੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪੱਬਾਂ ਭਾਰ ਹੋ ਗਈ ਹੈ। ਨਗਰ ਕੌਂਸਲ ਮਲੋਟ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਆਪਣੀ ਟੀਮ ਸਮੇਤ ਪਾਣੀ ਦੀ ਨਿਕਾਸੀ ਸੰਬੰਧੀ ਮੋਟਰਾਂ ਚਾਲੂ ਕਰਵਾ ਦਿੱਤੀਆਂ ਹਨ ਅਤੇ ਖੁਦ ਆਪਣੀ ਟੀਮ ਸਮੇਤ ਇਲਾਕੇ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰ ਰਹੇ ਹਨ। ਵਰਨਣਯੋਗ ਹੈ ਕਿ ਬੀਤੇ 20 ਤੋਂ 25 ਸਾਲਾਂ ਦੌਰਾਨ ਮਲੋਟ ਇਲਾਕੇ ਵਿਚ ਸੀਵਰੇਜ ਸਿਸਟਮ ਦੇ ਸੁਧਾਰ ਲਈ ਕਰੋੜਾਂ ਰੁਪਏ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਦੁਆਰਾ ਖਰਚ ਕੀਤੇ ਗਏ। ਸਮੱਸਿਆ ਜਿਉਂ ਦੀ ਤਿਉਂ ਹੀ ਮੂੰਹ ਅੱਡ ਕੇ ਖੜ੍ਹੀ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਆਪਸੀ ਤਾਲਮੇਲ ਕਰਕੇ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਏ। ਇਸ ਸੰਬੰਧੀ ਨਗਰ ਕੌਂਸਲ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਕਿਹਾ ਕਿ ਉਹ ਇਸ ਸਮੱਸਿਆ ਨਾਲ ਨਿਪਟਣ ਲਈ ਆਪਣੀਆਂ ਪੁਰਜ਼ੋਰ ਕੋਸ਼ਿਸ਼ਾਂ ਜਾਰੀ ਰੱਖ ਰਹੇ ਹਨ ਅਤੇ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।