ਸੜਕ ਹਾਦਸੇ ਵਿਚ ਵਿਅਕਤੀ ਦੀ ਮੌਤ
ਜਲੰਧਰ, 25 ਅਗਸਤ- ਅੱਜ ਪਠਾਨਕੋਟ ਚੌਕ ਪੁਲ ’ਤੇ ਇਕ ਟੁੱਟੇ ਹੋਏ ਟਰੱਕ ਕਾਰਨ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ ਚਾਰ ਵਾਹਨ ਟਕਰਾ ਗਏ। ਜਾਣਕਾਰੀ ਅਨੁਸਾਰ ਇਕ ਕੈਂਟਰ ਗੱਡੀ ਟੁੱਟੇ ਹੋਏ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ, ਇਸ ਦੇ ਚਾਲਕ ਨੂੰ ਬਹੁਤ ਮੁਸ਼ਕਿਲ ਨਾਲ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਇਸ ਤੋਂ ਬਾਅਦ ਦੋ ਕਾਰਾਂ ਇਸਦੇ ਪਿਛੇ ਟਕਰਾ ਗਈਆਂ। ਟੱਕਰ ਤੋਂ ਬਾਅਦ ਹਾਈਵੇਅ ਦੇ ਦੋਵੇਂ ਪਾਸੇ ਲੰਮਾ ਜਾਮ ਲੱਗ ਗਿਆ ਤੇ ਲੋਕਾਂ ਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਸਾਰੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕਰ ਰਹੀ ਹੈ।