ਜਥੇਦਾਰ ਗੜਗੱਜ ਵਲੋਂ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ

ਅੰਮ੍ਰਿਤਸਰ, 25 ਅਗਸਤ (ਜਸਵੰਤ ਸਿੰਘ ਜੱਸ)- ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਅਕਾਲ ਚਲਾਣਾ ਕਰ ਜਾਣ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਬਾਬਾ ਬਲਜਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਮੈਂ ਆਪਣੇ ਹਿਰਦੇ ਦੀਆਂ ਡੂੰਘੀਆਂ ਸੰਵੇਦਨਾਵਾਂ ਪ੍ਰਗਟ ਕਰਦਾ ਹਾਂ। ਉਨ੍ਹਾਂ ਦਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ, ਗੁਰਬਾਣੀ ਨਾਲ ਅਟੁੱਟ ਪ੍ਰੇਮ ਅਤੇ ਕੌਮ ਦੀ ਸੇਵਾ ਲਈ ਸਮਰਪਿਤ ਰਿਹਾ। ਉਨ੍ਹਾਂ ਨੇ ਜਿੱਥੇ ਰਵਾਇਤਾਂ ਅਨੁਸਾਰ ਸਿੱਖੀ ਦਾ ਚਾਨਣ ਦੇਸ਼-ਵਿਦੇਸ਼ ਵਿਚ ਫੈਲਾਇਆ, ਉੱਥੇ ਹੀ ਸਮੇਂ ਦੀ ਲੋੜ ਅਨੁਸਾਰ ਗੁਰਬਾਣੀ ਦੇ ਪ੍ਰਚਾਰ ਲਈ ਡਿਜ਼ੀਟਲ ਮਾਧਿਅਮ ਦੀ ਵਰਤੋਂ ਕਰਕੇ ਨਵਾਂ ਰਾਹ ਦਰਸਾਇਆ। ਉਹ ਹਮੇਸ਼ਾ ਹੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨਾਲ ਸਹਿਯੋਗ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਦਿੰਦੇ ਰਹੇ। ਉਨ੍ਹਾਂ ਵਲੋਂ ਤਿਆਰ ਕੀਤਾ ਗਿਆ ਗੁਰਬਾਣੀ ਦਾ ਸਾਫ਼ਟਵੇਅਰ ਈਸ਼ਰ ਮਾਈਕਰੋ ਮੀਡੀਆ ਦਾ ਵਿਸ਼ੇਸ਼ ਯੋਗਦਾਨ ਹੈ, ਜੋ ਸਿੱਖ ਕੌਮ ਲਈ ਇਕ ਅਨਮੋਲ ਖਜ਼ਾਨਾ ਹੈ। ਇਸ ਰਾਹੀਂ ਨਾ ਸਿਰਫ਼ ਵਿਦਵਾਨ ਅਤੇ ਖੋਜੀ, ਸਗੋਂ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਆਮ ਸਿੱਖ ਪਰਿਵਾਰ ਵੀ ਗੁਰਬਾਣੀ ਨਾਲ ਜੁੜੇ ਅਤੇ ਗੁਰਮਤਿ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਣਾ ਲੈ ਰਹੇ ਹਨ।
ਅੱਜ ਦੇ ਇੰਟਰਨੈੱਟ ਅਤੇ ਤਕਨੀਕ ਦੇ ਯੁੱਗ ਵਿਚ, ਜਿਥੇ ਮਨੁੱਖ ਅਕਸਰ ਮਾਇਆ ਅਤੇ ਭਟਕਾਵੇ ਦੇ ਜਾਲ ਵਿਚ ਫਸਦਾ ਹੈ, ਬਾਬਾ ਜੀ ਦੀ ਇਹ ਦੇਣ ਸਾਨੂੰ ਸੱਚ ਦੇ ਰਾਹ ’ਤੇ ਕੇਂਦ੍ਰਿਤ ਕਰਦੀ ਹੈ। ਬਾਬਾ ਬਲਜਿੰਦਰ ਸਿੰਘ ਨੇ ਆਪਣੀ ਪੂਰੀ ਉਮਰ ਕੌਮ ਦੀ ਭਲਾਈ ਲਈ ਸਮਰਪਿਤ ਕੀਤੀ। ਉਨ੍ਹਾਂ ਦੀ ਨਿਮਰਤਾ, ਉੱਚ ਆਦਰਸ਼ਾਂ ਲਈ ਨਿਸ਼ਠਾ ਅਤੇ ਗੁਰਬਾਣੀ ਨਾਲ ਡੂੰਘਾ ਪਿਆਰ ਸਾਨੂੰ ਹਮੇਸ਼ਾ ਯਾਦ ਰਹੇਗਾ। ਉਹ ਸਿਰਫ਼ ਧਾਰਮਿਕ ਪ੍ਰਚਾਰਕ ਹੀ ਨਹੀਂ ਸਨ, ਸਗੋਂ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਸੰਗੀਤ, ਗੁਰਮਤਿ ਰਹਿਣੀ ਨਾਲ ਜੋੜਨ ਵਾਲੇ ਮਾਰਗਦਰਸ਼ਕ ਵੀ ਸਨ। ਇਨ੍ਹਾਂ ਵਰਗੀਆਂ ਮਹਾਨ ਸ਼ਖ਼ਸੀਅਤਾਂ ਦਾ ਵਿਛੋੜਾ ਖ਼ਾਲਸਾ ਪੰਥ ਲਈ ਵੱਡਾ ਘਾਟਾ ਹੈ। ਉਨ੍ਹਾਂ ਵਲੋਂ ਕੀਤੇ ਕਾਰਜ ਅਤੇ ਸਿਖਲਾਈਆਂ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀਆਂ ਰਹਿਣਗੀਆਂ।