ਚਾਰ ਵਿਅਕਤੀਆਂ ਦੀ ਕੈਥਲ ਨੇੜੇ ਭਿਆਨਕ ਸੜਕ ਹਾਦਸੇ ਦੌਰਾਨ ਮੌਤ

ਜੈਤੋ, (ਫ਼ਰੀਦਕੋਟ), 25 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਨੇੜਲੇ ਪਿੰਡ ਰਾਮੇਆਣਾ ਦੇ ਚਾਰ ਵਿਅਕਤੀਆਂ ਦੀ ਕੈਥਲ ਨੇੜੇ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ‘ਅਜੀਤ’ ਵਲੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਬ ਡਵੀਜ਼ਨ ਜੈਤੋ ਦੇ ਨੇੜਲੇ ਪਿੰਡ ਰਾਮੇਆਣਾ ਤੋਂ ਪਿਹੋਵਾ ਗੁਰੂਘਰ ਦੇ ਦਰਸ਼ਨਾਂ ਲਈ ਜਾ ਰਹੀ ਸੰਗਤਾਂ ਦੀ ਅੱਜ ਸਵੇਰੇ ਪਿਕਅੱਪ ਗੱਡੀ ਅਤੇ ਹਰਿਆਣਾ ਰੋਡਵੇਜ਼ ਬੱਸ ’ਚ ਹੋਈ ਜ਼ਬਰਦਸਤ ਟੱਕਰ ਦੌਰਾਨ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਜੈਤੋ ਪਿੰਡ ਦੇ ਨਰਿੰਦਰ ਸਿੰਘ ਸੋਢੀ, ਕਾਕੂ ਸਿੰਘ ਖਾਲਸਾ, ਹਰਕੀਰਤ ਸਿੰਘ ਅਤੇ ਬਾਬਾ ਮੱਖਣ ਸਿੰਘ ਦੀ ਮੌਕੇ ’ਤੇ ਮੌਤ ਹੋਣ ਦਾ ਸਮਾਚਾਰ ਹੈ ਅਤੇ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਦੱਸਣਯੋਗ ਹੈ ਕਿ ਗੁਰੂਘਰ ਦੇ ਦਰਸ਼ਨਾਂ ਲਈ ਪਿੰਡ ਰਾਮੇਆਣਾ ਤੋਂ ਪਿਹੋਵੇ ਗੁਰਦੁਆਰਾ ਸਾਹਿਬ ਨਤਸਮਤਕ ਹੋਣ ਗਏ ਸਨ।
ਦੱਸ ਦਈਏ ਕਿ ਹੁਣ ਇਸ ਘਟਨਾ ਬਾਰੇ ਨਵੀਂ ਅਪਡੇਟ ਆਈ ਹੈ ਕਿ ਪੰਜਵੇਂ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸਬ-ਡਵੀਜ਼ਨ ਜੈਤੋ ਦੇ ਨੇੜਲੇ ਪਿੰਡ ਰਾਮੇਆਣਾ ਤੋਂ ਪਿਹੋਵਾ ਗੁਰੂਘਰ ਦੇ ਦਰਸ਼ਨਾਂ ਲਈ ਗਈ ਸੰਗਤ ਸਵਾਰ ਪਿਕਅੱਪ ਗੱਡੀ ਅੱਜ ਸਵੇਰੇ ਹਰਿਆਣਾ ਰੋਡਵੇਜ਼ ਬੱਸ ’ਚ ਟੱਕਰ ਹੋ ਗਈ, ਜਿਸ ਦੌਰਾਨ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪਿੰਡ ਰਾਮੇਆਣਾ ਦੇ ਨਰਿੰਦਰ ਸਿੰਘ ਸੋਢੀ, ਕਾਕੂ ਸਿੰਘ ਖਾਲਸਾ, ਹਰਕੀਰਤ ਸਿੰਘ ਗਿੱਲ ਅਤੇ ਬਾਬਾ ਮੱਖਣ ਸਿੰਘ (ਕਾਰ ਸੇਵਾ ਵਾਲੇ) ਅਤੇ ਤਾਰਾ ਸਿੰਘ ਦੀ ਮੌਤ ਹੋ ਗਈ ਅਤੇ ਦੋ ਮੰਦਰ ਸਿੰਘ ਅਤੇ ਗੁਰਜੰਟ ਸਿੰਘ ਨਾਮਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੂੰ ਨੇੜਲੇ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।
ਦੱਸਣਯੋਗ ਹੈ ਕਿ ਲੰਘੀ ਕੱਲ੍ਹ ਪਿੰਡ ਰਾਮੇਆਣਾ ਤੋਂ 9 ਵਿਅਕਤੀਆਂ ਦਾ ਜੱਥਾ ਪਿਕਅੱਪ ਗੱਡੀ ’ਤੇ ਸਵਾਰ ਹੋ ਕੇ ਗੁਰੂਘਰ ਦੇ ਦਰਸ਼ਨਾਂ ਲਈ ਗਿਆ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਘਟਨਾ ਦੌਰਾਨ ਪਿਕਅੱਪ ਸਵਾਰ 9 ਵਿਅਕਤੀਆਂ ’ਚੋਂ ਪੰਜ ਵਿਅਕਤੀਆਂ ਦੀ ਮੌਤ ਅਤੇ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਦੇ ਮੋਹਤਬਰ ਅਤੇ ਰਿਸ਼ਤੇਦਾਰ ਕੈਥਲ ਲਈ ਰਵਾਨਾ ਹੋ ਗਏ ਸਨ। ਇਸ ਘਟਨਾ ਨੂੰ ਲੈ ਕੇ ਜਿਥੇ ਪਿੰਡ ’ਚ ਗ਼ਮਗੀਨ ਮਾਹੌਲ ਹੈ, ਉਥੇ ਇਲਾਕੇ ਭਰ ’ਚ ਸੋਗ ਦੀ ਲਹਿਰ ਹੈ।