ਸੜਕ ਹਾਦਸੇ ਵਿਚ ਪਤੀ ਪਤਨੀ ਫੱਟੜ


ਜੰਡਿਆਲਾ ਮੰਜਕੀ, (ਜਲੰਧਰ), 25 ਅਗਸਤ (ਸੁਰਜੀਤ ਸਿੰਘ ਜੰਡਿਆਲਾ)- ਜੰਡਿਆਲਾ-ਜਲੰਧਰ ਰੋਡ ’ਤੇ ਇਕ ਸੜਕ ਹਾਦਸੇ ਵਿਚ ਪਤੀ ਪਤਨੀ ਦੇ ਗੰਭੀਰ ਫੱਟੜ ਹੋਣ ਦਾ ਸਮਾਚਾਰ ਹੈ। ਮੌਕੇ ’ਤੇ ਹਾਜ਼ਰ ਕਈ ਲੋਕਾਂ ਅਨੁਸਾਰ ਜੰਡਿਆਲਾ ਤੋਂ ਬਾਹਰਵਾਰ ਜਲੰਧਰ ਰੋਡ ’ਤੇ ਭਾਰੀ ਬਾਰਿਸ਼ ਦੌਰਾਨ ਡਿੱਗੇ ਦਰੱਖਤ ਨਾਲ ਉਨ੍ਹਾਂ ਦੀ ਕਾਰ ਅਚਾਨਕ ਜਾ ਟਕਰਾਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਉਕਤ ਹਾਦਸੇ ਨਾਲ ਪਤੀ ਪਤਨੀ ਦੇ ਵੀ ਗੰਭੀਰ ਸੱਟਾਂ ਲੱਗੀਆਂ। ਪੁਲਿਸ ਚੌਂਕੀ ਜੰਡਿਆਲਾ ਦੇ ਜਾਂਚ ਅਧਿਕਾਰੀ ਨਿਰੰਜਨ ਦਾਸ ਨੇ ਦੱਸਿਆ ਕਿ ਸੁਖਚੈਨ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਫਤਿਹਪੁਰ, ਥਾਣਾ ਨੂਰਮਹਿਲ ਆਪਣੀ ਪਤਨੀ ਅਨੀਤਾ ਰਾਣੀ ਨਾਲ ਆਪਣੀ ਹੁੰਡਾਈ ਕਾਰ ਨੰਬਰ ਪੀ.ਬੀ.08-ਡੀ.ਵਾਈ.-4013 ਤੇ ਨੂਰਮਹਿਲ ਤੋਂ ਜਲੰਧਰ ਜਾ ਰਹੇ ਸਨ ਤਾਂ ਉਕਤ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਦੋਹਾਂ ਪਤੀ ਪਤਨੀ ਨੂੰ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਜਲੰਧਰ ਲਿਜਾਇਆ ਗਿਆ, ਜਿਥੋਂ ਉਨ੍ਹਾਂ ਨੂੰ ਇਲਾਜ ਲਈ ਕਿਸੇ ਨਿੱਜੀ ਹਸਪਤਾਲ ਭੇਜਿਆ ਗਿਆ ਹੈ।
ਪੁਲਿਸ ਮੁਲਾਜ਼ਮਾਂ ਅਨੁਸਾਰ ਦੋਨੋਂ ਪਤੀ ਪਤਨੀ ਠੀਕ ਹਨ। ਫੱਟੜ ਸੁਖਚੈਨ ਸਿੰਘ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ।