ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਰਿਹਾਇਸ਼ ਤੇ ਪਿੰਡ 'ਚ ਖਾਲਿਸਤਾਨ ਨਾਅਰੇ ਲਿਖਣ ਦੇ ਮਾਮਲੇ 'ਚ 3 ਗ੍ਰਿਫਤਾਰ

ਮਹਿਲ ਕਲਾਂ, 19 ਅਗਸਤ (ਅਵਤਾਰ ਸਿੰਘ ਅਣਖੀ)-ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਦੀ ਰਾਤ ਪਿੰਡ ਪੰਡੋਰੀ ਵਿਖੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਰਿਹਾਇਸ਼ ਅਤੇ ਹੋਰ ਵੱਖ-ਵੱਖ ਥਾਵਾਂ ਉੱਪਰ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ਵਿਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਪਤਾ ਲੱਗਾ ਹੈ। ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਸ਼ੇਰਵਿੰਦਰ ਸਿੰਘ ਔਲਖ, ਏ. ਐਸ. ਆਈ. ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਆਜ਼ਾਦੀ ਦਿਵਸ ਦੇ ਮੱਦੇਨਜ਼ਰ 14 ਅਗਸਤ ਦੀ ਰਾਤ ਨੂੰ ਪਿੰਡ ਪੰਡੋਰੀ (ਬਰਨਾਲਾ) ਵਿਖੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਰਿਹਾਇਸ਼ ਅਤੇ ਪਿੰਡ ਦੀਆਂ ਹੋਰ ਕਈ ਥਾਵਾਂ ਉੱਪਰ ਅਣਪਛਾਤੇ ਨੌਜਵਾਨਾਂ ਵਲੋਂ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ।
ਇਸ ਮਾਮਲੇ ਸੰਬੰਧੀ ਵਿਧਾਇਕ ਪੰਡੋਰੀ ਦੇ ਗੰਨਮੈਨ ਹਰਦੀਪ ਸਿੰਘ ਵਾਸੀ ਲੇਲਿਆਂ ਵਾਲੀ (ਮਾਨਸਾ) ਦੇ ਬਿਆਨਾਂ ਦੇ ਆਧਾਰ ਉਤੇ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਹਿਲ ਕਲਾਂ ਪੁਲਿਸ ਨੇ ਡੂੰਘਾਈ ਨਾਲ ਇਸ ਮਾਮਲੇ ਦੀ ਪੜਤਾਲ ਕਰਦਿਆਂ ਨੌਜਵਾਨ ਗੁਰਮੀਤ ਸਿੰਘ, ਗੁਰਸੇਵਕ ਸਿੰਘ ਮਨੀ ਅਤੇ ਕਿਰਪਾ ਸਿੰਘ ਵਾਸੀਆਨ ਮਹਿਲ ਖੁਰਦ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਤਿੰਨੇ ਨੌਜਵਾਨਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।