ਪਾਕਿਸਤਾਨ ਵਿਚ ਹੈਲੀਕਾਪਟਰ ਹਾਦਸਾ, 5 ਲੋਕਾਂ ਦੀ ਮੌਤ

ਇਸਲਾਮਾਬਾਦ ,15 ਅਗਸਤ - ਪਾਕਿਸਤਾਨ ਵਿਚ ਹੜ੍ਹ ਪ੍ਰਭਾਵਿਤ ਖੇਤਰ ਵਿਚ ਬਚਾਅ ਕਾਰਜ ਦੌਰਾਨ ਐੱਮ.ਆਈ. -17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਖ਼ੈਬਰ ਪਖਤੂਨਖਵਾ ਸੂਬੇ ਵਿਚ ਵਾਪਰਿਆ, ਜਿਸ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਜਹਾਜ਼ ਹਾਦਸੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਖ਼ਰਾਬ ਮੌਸਮ ਕਾਰਨ ਹੈਲੀਕਾਪਟਰ ਮੁਹੰਮਦ ਜ਼ਿਲ੍ਹੇ ਦੇ ਪੰਡਿਆਲੀ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ। ਮੌਨਸੂਨ ਅਤੇ ਹੜ੍ਹ ਪ੍ਰਭਾਵਿਤ ਉੱਤਰੀ ਪਾਕਿਸਤਾਨ ਵਿਚ ਹੈਲੀਕਾਪਟਰ ਰਾਹੀਂ ਬਚਾਅ ਕਾਰਜ ਚਲਾਏ ਜਾ ਰਹੇ ਸਨ, ਪਰ ਬਚਾਅ ਟੀਮ ਹਾਦਸੇ ਦਾ ਸ਼ਿਕਾਰ ਹੋ ਗਈ।
ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਨੇ ਕਿਹਾ ਕਿ ਹਾਦਸੇ ਵਿਚ 2 ਪਾਇਲਟ ਅਤੇ 3 ਬਚਾਅ ਕਾਰਜ ਟੀਮ ਦੇ ਮੈਂਬਰਾਂ ਦੀ ਮੌਤ ਹੋ ਗਈ ਹੈ। ਹੈਲੀਕਾਪਟਰ ਹੜ੍ਹ ਪ੍ਰਭਾਵਿਤ ਬਾਜੌਰ ਖੇਤਰ ਵਿਚ ਰਾਹਤ ਸਮੱਗਰੀ ਪਹੁੰਚਾਉਣ ਗਿਆ ਸੀ।