15-08-25
ਬਾਜ ਆਏ ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਚਲਾਈ ਜਾ ਰਹੀ 'ਟੈਰਿਫ ਵਾਰ' ਦਾ ਅਸਰ ਹੋਰ ਮੁਲਕਾਂ ਦੇ ਨਾਲ ਭਾਰਤ 'ਤੇ ਪੈਣਾ ਲਾਜ਼ਮੀ ਹੈ। ਭਾਰਤੀਆਂ ਨੂੰ ਭਾਰਤੀ ਕੰਪਨੀਆਂ ਦੀਆਂ ਹੀ ਚੀਜ਼ਾਂ ਖਰੀਦਣ ਬਾਰੇ ਜਾਗਰੂਕ ਕਰ ਟਰੰਪ ਦੀ ਮਾਰੂ ਟੈਰਿਫ ਨੀਤੀ ਨੂੰ ਨਕਾਰ ਦੇਣਾ ਚਾਹੀਦਾ ਹੈ। ਜਿਹੜੀਆਂ ਵਸਤਾਂ ਭਾਰਤ ਵਿਦੇਸ਼ ਤੋਂ ਮੰਗਵਾਉਂਦਾ ਹੈ ਉਨ੍ਹਾਂ ਚੀਜ਼ਾਂ ਦਾ ਆਪਣੇ ਹੀ ਦੇਸ਼ ਵਿਚ ਨਿਰਮਾਣ ਕਰਕੇ ਅਮਰੀਕਾ ਵਰਗੇ ਘੁਮੰਡੀ ਰਾਸ਼ਟਰਪਤੀ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਟਰੰਪ ਨੂੰ ਸਾਰੇ ਦੇਸ਼ਾਂ ਨਾਲ ਆਪਣੇ ਕਾਰੋਬਾਰੀ ਸੰਬੰਧ ਚੰਗੇ ਬਣਾਉਣੇ ਚਾਹੀਦੇ ਹਨ। ਹਰ ਮੁਲਕ ਦੀ ਆਰਥਿਕ ਤਰੱਕੀ ਲਈ ਹਰ ਮੁਲਕ ਦਾ ਆਪਸੀ ਵਿਉਪਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਗੱਲ ਦਾ ਟਰੰਪ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਦੂਸਰੇ ਦੇਸ਼ਾਂ ਤੋਂ ਬਗ਼ੈਰ ਇਕੱਲਾ ਕੁਝ ਨਹੀਂ ਕਰ ਸਕਦਾ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।
ਮਜ਼ਦੂਰ ਨੂੰ ਸਿਜਦਾ
ਸਾਡੇ ਆਲੇ-ਦੁਆਲੇ ਦੇ ਸਮੀਕਰਨਾਂ ਵਿਚ ਮਜ਼ਦੂਰ ਇਕ ਅਜਿਹੀ ਜਮਾਤ ਹੈ, ਜੋ ਸਾਰੇ ਪੱਖਾਂ ਤੋਂ ਲਤਾੜੀ ਜਾਂਦੀ ਹੈ। ਸਹੀ ਸਮਾਂ, ਪੂਰਾ ਕੰਮ ਅਤੇ ਮਾਲਕ ਦੀ ਧੌਂਸ ਇਨ੍ਹਾਂ ਦੀ ਕਿਸਮਤ ਦਾ ਇਕ ਵਰਕਾ ਹੈ। ਸਹੀ ਸਮੇਂ 'ਤੇ ਕੰਮ ਦੀ ਕੀਮਤ ਵੀ ਨਹੀਂ ਮਿਲਦੀ। ਮਨਰੇਗਾ ਸਕੀਮ ਤਹਿਤ ਵੀ ਮਜ਼ਦੂਰੀ ਲੇਟ ਮਿਲਦੀ ਹੈ। ਦਾਨਸ਼ਵਰਾਂ ਵਲੋਂ ਪਸੀਨਾ ਸੁੱਕਣ ਤੋਂ ਪਹਿਲਾਂ ਹੀ ਮਜ਼ਦੂਰਾਂ ਨੂੰ ਮਜ਼ਦੂਰੀ ਭੇਟ ਕੀਤੀ ਜਾਂਦੀ ਹੈ। ਸਾਡਾ ਸਾਰਾ ਦਾਰੋਮਦਾਰ ਅਤੇ ਵਿਕਾਸ ਮਜ਼ਦੂਰ ਦੇ ਸਿਰ 'ਤੇ ਹੈ। ਅੱਜ ਹੱਥੀਂ ਕਿਰਤ ਦਾ ਫ਼ਲਸਫ਼ਾ ਵੀ ਇਹੀ ਸਾਂਭੀ ਬੈਠੇ ਹਨ। ਕਈ ਖੇਤਰਾਂ ਵਿਚ ਮਜ਼ਦੂਰ ਨੂੰ ਦੋ ਡੰਗ ਦੀ ਰੋਟੀ ਵੀ ਨਹੀਂ ਜੁੜਦੀ। ਮਜ਼ਦੂਰ ਨੂੰ ਹਰ ਜਗ੍ਹਾ ਜ਼ਲੀਲ ਹੋਣਾ ਪੈਂਦਾ ਹੈ। ਮੁੱਕਦੀ ਗੱਲ ਇਹ ਹੈ ਕਿ ਮਜ਼ਦੂਰ ਜਮਾਤ ਦੇ ਯੋਗਦਾਨ ਨੂੰ ਦੇਖ ਕੇ ਅਤੇ ਇਨ੍ਹਾਂ ਦੇ ਪਿੰਡੇ ਹੰਢਾਏ ਦਰਦ ਨੂੰ ਦੇਖ ਕੇ ਸਿਜਦਾ ਕਰਨਾ ਬਣਦਾ ਹੈ।
-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ।
ਮਿੱਠਾ ਬੋਲਿਆ ਕਰੋ
ਜੇ ਤੁਸੀਂ ਚਾਹੁੰਦੇ ਹੋ ਕਿ ਦੂਜੇ ਤੁਹਾਡਾ ਮਾਣ ਸਤਿਕਾਰ ਕਰਨ ਤਾਂ ਤੁਹਾਨੂੰ ਵੀ ਸਾਹਮਣੇ ਵਾਲੇ ਦਾ ਸਤਿਕਾਰ ਕਰਨਾ ਪਵੇਗਾ। ਕਿਸੇ ਦਾ ਸਤਿਕਾਰ ਕਰਕੇ ਤੁਸੀਂ ਉਹ ਕੁਝ ਪਾ ਸਕਦੇ ਹੋ ਜੋ ਸ਼ਾਇਦ ਤੁਸੀਂ ਸੋਚਿਆ ਵੀ ਨਾ ਹੋਵੇ। ਸੋ, ਸਾਨੂੰ ਖ਼ੁਦ ਤੇ ਆਪਣੇ ਖ਼ੁਦ ਦੇ ਬੱਚਿਆਂ ਨੂੰ ਅਜਿਹੇ ਸੰਸਕਾਰ ਦੇਣੇ ਚਾਹੀਦੇ ਹਨ ਕਿ ਉਹ ਹਰ ਛੋਟੇ ਵੱਡੇ ਦਾ ਮਾਣ ਸਤਿਕਾਰ ਕਰੇ। ਤੁਹਾਡੇ ਮੂੰਹ ਤੋਂ ਸਤਿਕਾਰ ਦੇ ਨਿਕਲੇ ਮਿੱਠੇ ਬੋਲ ਸਾਹਮਣੇ ਵਾਲੇ ਨੂੰ ਕੀਲਣ ਦੀ ਸਮਰੱਥਾ ਰੱਖਦੇ ਹਨ। ਸੋ, ਸਭ ਨੂੰ ਮਿੱਠਾ ਬੋਲਿਆ ਕਰੋ। ਸਭ ਨੂੰ ਜੀ ਕਿਹਾ ਕਰੋ, ਫਿਰ ਵੇਖਿਓ ਜ਼ਿੰਦਗੀ ਦਾ ਲੁਤਫ਼ ਕਿਵੇਂ ਆਉਂਦਾ ਹੈ।
-ਲੈਕਚਰਾਰ ਅਜੀਤ ਖੰਨਾ
ਸਭ ਕੁਝ ਨਕਲੀ
ਮਾਨਸਾ ਵਿਚ ਇਕ ਦੁਕਾਨਦਾਰ ਟਾਟਾ ਲੂਣ ਵਾਲੇ ਪੈਕੇਟ ਵਿਚ ਨਕਲੀ ਲੂਣ ਵੇਚਦਾ ਫੜਿਆ ਗਿਆ। ਪੁਲਿਸ ਅਤੇ ਟਾਟਾ ਕੰਪਨੀ ਦੇ ਅਧਿਕਾਰੀਆਂ ਨੇ ਛਾਪਾ ਮਾਰਦਿਆਂ ਸ਼ੱਕੀ ਨਕਲੀ 4 ਕੁਇੰਟਲ ਤੋਂ ਵੱਧ ਟਾਟਾ ਲੂਣ ਫੜਿਆ ਹੈ, ਜਿਸ ਨੂੰ ਕਬਜ਼ੇ ਵਿਚ ਲੈ ਕੇ ਉਸ ਦੇ ਨਮੂਨੇ ਸਿਹਤ ਵਿਭਾਗ ਨੇ ਜਾਂਚ ਲਈ ਖਰੜ ਲੈਬ ਨੂੰ ਭੇਜ ਦਿੱਤੇ ਹਨ। ਲੋਕ ਇੰਨੇ ਗਿਰ ਗਏ ਹਨ ਕਿ ਇਨਾਂ ਨੇ ਤਾਂ ਲੂਣ ਵੀ ਸ਼ੁੱਧ ਨਹੀਂ ਰਹਿਣ ਦਿੱਤਾ। ਮਿਲਾਵਟਖੋਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਜੋ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਦੁੱਧ ਰਿਫਾਇੰਡ ਤੇਲ ਤੇ ਯੂਰੀਆ ਪਾ ਕੇ ਬਣਾਇਆ ਜਾ ਰਿਹਾ ਹੈ।
-ਸੂਬੇ: ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ।
ਮਿਹਨਤ ਦੁਆਰਾ ਸਫ਼ਲਤਾ
ਸਫ਼ਲਤਾ ਦੀ ਪਹਿਲੀ ਕੁੰਜੀ ਕਿਰਤ ਹੈ, ਇਸ ਤੋਂ ਬਿਨਾਂ ਸਫ਼ਲਤਾ ਦਾ ਸਵਾਦ ਕਦੇ ਨਹੀਂ ਚਖਿਆ ਜਾ ਸਕਦਾ। ਜ਼ਿੰਦਗੀ ਵਿਚ ਅੱਗੇ ਵਧਣ ਤੇ ਆਰਾਮ ਨਾਲ ਜਿਊਣ ਲਈ, ਮੁਕਾਮ ਹਾਸਿਲ ਕਰਨ ਵਾਸਤੇ ਮਨੁੱਖ ਨੂੰ ਸਖ਼ਤ ਮਿਹਨਤ ਕਰਨੀ ਹੀ ਪੈਂਦੀ ਹੈ। ਪ੍ਰਮਾਤਮਾ ਨੇ ਮਨੁੱਖ ਦੇ ਨਾਲ-ਨਾਲ ਸਾਰੇ ਜੀਵਾਂ ਨੂੰ ਕਿਰਤ ਦਾ ਗੁਣ ਦਿੱਤਾ ਹੈ। ਪੰਛੀ ਨੂੰ ਵੀ ਆਪਣੇ ਖਾਣ-ਪੀਣ ਦਾ ਇੰਤਜ਼ਾਮ ਕਰਨ ਲਈ ਸਵੇਰੇ ਉੱਠਣਾ ਪੈਂਦਾ ਹੈ, ਦੁਨੀਆ ਦੇ ਹਰ ਜੀਵ ਨੂੰ ਆਪਣਾ ਪੇਟ ਭਰਨ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਮਨੁੱਖ ਨੂੰ ਵੀ ਬਚਪਨ ਤੋਂ ਹੀ ਵੱਡੇ ਹੋ ਕੇ ਕੰਮ ਕਰਨਾ ਸਿਖਾਇਆ ਜਾਂਦਾ ਹੈ। ਭਾਵੇਂ ਪੜ੍ਹਾਈ ਕਰਨੀ ਹੋਵੇ, ਜਾਂ ਪੈਸੇ ਤੇ ਨਾਂਅ ਕਮਾਉਣਾ ਹੋਵੇ। ਮਿਹਨਤੀ ਵਿਅਕਤੀ ਹਮੇਸ਼ਾ ਸਫ਼ਲਤਾ ਦੇ ਰਾਹ 'ਤੇ ਰਹਿੰਦਾ ਹੈ ਤੇ ਸਮੇਂ-ਸਮੇਂ 'ਤੇ ਉਸ ਨੂੰ ਸਫ਼ਲਤਾ ਦਾ ਸਵਾਦ ਵੀ ਚੱਖਣਾ ਪੈਂਦਾ ਹੈ।
-ਗੌਰਵ ਮੁੰਜਾਲ
ਪੀ.ਸੀ.ਐਸ.