ਹਿੰਦ-ਪਾਕਿ ਬਾਰਡਰ 'ਤੇ ਸਾਦਕੀ ਚੌਕੀ 'ਤੇ 200 ਫੁੱਟ ਉੱਚਾ ਤਿਰੰਗਾ ਝੰਡਾ ਲਹਿਰਾਇਆ

ਫਾਜ਼ਿਲਕਾ, 15 ਅਗਸਤ (ਦਵਿੰਦਰ ਪਾਲ ਸਿੰਘ, ਬਲਜੀਤ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਭਾਰਤ-ਪਾਕਿ ਸਰਹੱਦ ਉਤੇ ਸਾਦਕੀ ਚੈੱਕ ਪੋਸਟ ਉਤੇ ਅੱਜ ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ 200 ਫੁੱਟ ਉੱਚੇ ਲਗਾਏ ਗਏ ਕੌਮੀ ਝੰਡੇ ਤਿਰੰਗੇ ਦਾ ਉਦਘਾਟਨ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕੀਤਾ। ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਅੱਜ ਦਾ ਦਿਨ ਫਾਜ਼ਿਲਕਾ ਲਈ ਇਤਿਹਾਸਕ ਹੈ। ਉਨ੍ਹਾਂ ਕਿਹਾ ਕਿ ਇਹ 200 ਫੁੱਟ ਉੱਚਾ ਤਿਰੰਗਾ ਝੰਡਾ ਦੇਸ਼ ਦੀ ਸ਼ਾਨ ਹੈ ਅਤੇ ਇਹ ਗੁਆਂਢੀ ਮੁਲਕ ਦੇ ਝੰਡੇ ਤੇ ਉੱਚਾ ਆਸਮਾਨ ਦੀਆਂ ਬੁਲੰਦੀਆਂ ਨੂੰ ਛੂੰਹਦਾ ਹੋਇਆ ਲਹਿਰਾਏਗਾ ਅਤੇ ਦੇਸ਼ ਦਾ ਗੌਰਵ ਬਣੇਗਾ। ਵਿਧਾਇਕ ਨੇ ਆਖਿਆ ਕਿ ਕੌਮੀ ਝੰਡਾ ਕਿਸੇ ਵੀ ਮੁਲਕ ਦੇ ਵਸਨੀਕਾਂ ਲਈ ਜਾਨ ਤੋਂ ਵੀ ਪਿਆਰਾ ਹੁੰਦਾ ਹੈ ਅਤੇ ਅੱਜ ਸਾਡਾ ਕੌਮੀ ਤਿਰੰਗਾ ਅੰਬਰਾਂ ਵਿਚ ਲਹਿਰਾ ਰਿਹਾ ਹੈ, ਜੋ ਕਿ ਸਾਨੂੰ ਅਜ਼ੀਮ ਖੁ਼ਸ਼ੀ ਦੇ ਰਿਹਾ ਹੈ।
ਇਸ ਮੌਕੇ ਬੀ.ਐਸ.ਐਫ. ਦੇ ਡੀ.ਆਈ.ਜੀ. ਵਿਜੈ ਕੁਮਾਰ, ਐਸ.ਐਸ.ਪੀ. ਗੁਰਮੀਤ ਸਿੰਘ ਅਤੇ ਬੀ.ਐਸ.ਐਫ. ਦੇ ਹੋਰ ਸੀਨੀਅਰ ਅਧਿਕਾਰੀ ਵੀ ਵਿਸ਼ੇਸ਼ ਤੌਰ ਉਤੇ ਹਾਜ਼ਰ ਸਨ। ਇਸ ਦੌਰਾਨ ਖੁਸ਼ਬੂ ਸਾਵਨ ਸੁੱਖਾ ਸਵਨਾ ਨੇ ਕਿਹਾ ਕਿ ਬੀਤੇ ਕੱਲ੍ਹ ਤਿਰੰਗਾ ਯਾਤਰਾ ਦੇ ਰੂਪ ਵਿਚ ਇਹ ਝੰਡਾ ਅਸੀਂ ਫਾਜ਼ਿਲਕਾ ਤੋਂ ਲਿਆ ਕੇ ਬੀ.ਐਸ.ਐਫ. ਨੂੰ ਸੌਂਪਿਆ ਸੀ ਅਤੇ ਹੁਣ ਅੱਜ ਇਸ ਦਾ ਉਦਘਾਟਨ ਹੋਇਆ ਹੈ। ਇਹ ਝੰਡਾ ਸਾਡੇ ਨੌਜਵਾਨਾਂ ਅਤੇ ਬੱਚਿਆਂ ਵਿਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰੇਗਾ। ਉਨ੍ਹਾਂ ਨੇ ਰੀਟਰੀਟ ਦੀ ਰਸਮ ਵੀ ਵੇਖੀ ਅਤੇ ਆਜ਼ਾਦੀ ਦਿਹਾੜੇ ਮੌਕੇ ਅੱਜ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਹ ਰਸਮ ਵੇਖਣ ਪਹੁੰਚੇ ਸਨ।