ਨੌਜਵਾਨ ਵਲੋਂ ਪਿਸਤੌਲ ਨਾਲ ਹਵਾਈ ਫਾਇਰ ਕਰਨ ਦੀ ਵੀਡੀਓ ਵਾਇਰਲ

ਜਗਰਾਉਂ ( ਲੁਧਿਆਣਾ ) ,14 ਅਗਸਤ ( ਕੁਲਦੀਪ ਸਿੰਘ ਲੋਹਟ) - ਇਕ ਨੌਜਵਾਨ ਵਲੋਂ ਪਿਸਤੌਲ ਨਾਲ ਹਵਾਈ ਫਾਇਰ ਕਰਨ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਆਜ਼ਾਦੀ ਦਿਹਾੜੇ ਦੇ ਐਨ ਮੌਕੇ ਵਾਇਰਲ ਹੋਈ ਇਸ ਵੀਡੀਓ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਵੀਡੀਓ ਰਾਤ ਦੇ ਸਮੇਂ ਦੀ ਹੈ ਅਤੇ ਵੀਡੀਓ ਵਿਚ ਇਕ ਚੜ੍ਹਦੀ ਉਮਰ ਦਾ ਮਲੂਕੜਾ ਜਿਹਾ ਮੁੰਡਾ ਡਰਾਈਵਰ ਸੀਟ 'ਤੇ ਬੈਠ ਕੇ ਸ਼ਰੇਆਮ ਪਿਸਤੌਲ ਨਾਲ ਹਵਾਈ ਫਾਇਰ ਕਰਦਾ ਨਜ਼ਰ ਆਉਂਦਾ ਹੈ। ਇਸ ਦੇ ਨਾਲ ਹੀ ਉਸ ਦੇ ਨਾਲ ਦੀ ਸੀਟ 'ਤੇ ਬੈਠੇ ਇਕ ਹੋਰ ਵਿਅਕਤੀ ਵਲੋਂ ਇਹ ਵੀਡੀਓ ਬਣਾਈ ਗਈ ਹੈ। ਸੋਸ਼ਲ ਮੀਡੀਆ 'ਤੇ ਚਰਚਾ ਹੈ ਕਿ ਇਹ ਨੌਜਵਾਨ ਜਗਰਾਉਂ ਇਲਾਕੇ ਦੇ ਹੀ ਇਕ ਪਿੰਡ ਦੇ ਮੋਹਤਬਰ ਦਾ ਕਰੀਬੀ ਹੈ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੱਖ-ਵੱਖ ਤਰਾਂ ਦੀ ਪ੍ਰਤੀਕਿਰਿਆ ਦੇਖਣ ਸੁਣਨ ਨੂੰ ਮਿਲ ਰਹੀ ਹੈ।ਰਾਜਨੀਤਿਕ ਲੋਕ ਫਾਇਰਿੰਗ ਕਰਨ ਵਾਲੇ ਨੌਜਵਾਨ ਵਲੋਂ ਗੋਲੀ ਚਲਾਉਣ ਅਤੇ ਫਿਰ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਦੇ ਮਾਮਲੇ ਨੂੰ ਲੈ ਕੇ ਹੈਰਾਨੀ 'ਚ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਜਗਰਾਉਂ ਸ਼ਹਿਰ ਅੰਦਰ ਜਿੱਥੇ ਇਕ ਨੌਜਵਾਨ ਦੀ ਗੱਡੀ ਨੂੰ ਅੱਗ ਲਾ ਕੇ ਉਸ ਨੌਜਵਾਨ ਨੂੰ ਕਤਲ ਕਰਨ, ਸੁਨਿਆਰੇ 'ਤੇ ਗੋਲੀਆਂ ਚਲਾਉਣ ਅਤੇ ਪਿੰਡ ਛੱਜਾਵਾਲ ਦੇ ਕਾਰੋਬਾਰੀ 'ਤੇ ਗੋਲੀ ਚਲਾਉਣ ਦੀ ਘਟਨਾ ਨਾਲ ਇਲਾਕੇ ਭਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਇਸ ਘਟਨਾ ਨੇ ਇਕ ਵਾਰ ਫਿਰ ਨਵੀਂ ਚਰਚਾ ਛੇੜ ਦਿੱਤੀ ਹੈ। ਸ਼ੋਸ਼ਲ ਮੀਡੀਆ 'ਤੇ ਆਮ ਲੋਕਾਂ ਵਲੋਂ ਇਸ ਘਟਨਾਂ ਨੂੰ ਸ਼ਰੇਆਮ ਗੁੰਡਾਗਰਦੀ ਦੱਸਿਆ ਜਾ ਰਿਹਾ ਹੈ । ਅੱਜ ਜਦੋਂ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨਾਂ ਨੂੰ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ, ਉਸ ਵੇਲੇ ਅਜਿਹੇ ਭੜਕਾਊ ਵੀਡੀਓ ਵਾਇਰਲ ਕਰਨ ਪਿੱਛੇ ਕੀ ਮਕਸਦ ਹੈ ,ਇਹ ਜਾਂਚ ਦਾ ਵਿਸ਼ਾ ਹੈ । ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ।ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿਚ ਦਿਖਾਈ ਦੇ ਰਹੀ ਹੈ।ਆਖਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਕਾਰਵਾਈ ਅਮਲ 'ਚ ਲਿਜਾਂਦੀ ਜਾ ਰਹੀ ਹੈ।