ਕਿਸ਼ਤਵਾੜ 'ਚ ਬੱਦਲ ਫੱਟਣ ਕਾਰਨ ਹੁਣ ਤਕ 46 ਲਾਸ਼ਾਂ ਬਰਾਮਦ

ਨਵੀਂ ਦਿੱਲੀ, 14 ਅਗਸਤ-ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਦੂਰ-ਦੁਰਾਡੇ ਪਹਾੜੀ ਪਿੰਡ ਵਿਚ ਬੱਦਲ ਫੱਟਣ ਕਾਰਨ 46 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਹੋਰ ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 120 ਲੋਕਾਂ ਨੂੰ ਬਚਾਇਆ ਗਿਆ ਹੈ। ਇਨ੍ਹਾਂ ਵਿਚੋਂ 38 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਾਚੈਲ ਮਾਤਾ ਮੰਦਿਰ ਨੂੰ ਜਾਂਦੇ ਰਸਤੇ ਵਿਚ ਆਖਰੀ ਮੋਟਰੇਬਲ ਪਿੰਡ ਚੋਸੀਟੀ ਵਿਚ ਇਹ ਹਾਦਸਾ ਦੁਪਹਿਰ 12 ਵਜੇ ਤੋਂ 1 ਵਜੇ ਦੇ ਵਿਚਕਾਰ ਵਾਪਰਿਆ। ਵੱਡੀ ਗਿਣਤੀ ਵਿਚ ਲੋਕ ਸਾਲਾਨਾ ਮਾਚੈਲ ਮਾਤਾ ਯਾਤਰਾ ਲਈ ਉਥੇ ਇਕੱਠੇ ਹੋਏ ਸਨ, ਜੋ ਕਿ 25 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ 5 ਸਤੰਬਰ ਨੂੰ ਖਤਮ ਹੋਣ ਵਾਲੀ ਸੀ। ਬੱਦਲ ਫੱਟਣ ਨਾਲ ਲਗਾਤਾਰ ਮੌਤਾਂ ਵਿਚ ਵਾਧਾ ਦਰਜ ਹੋ ਰਿਹਾ ਹੈ। ਬਚਾਅ ਕਾਰਜ ਜਾਰੀ ਹਨ।