JALANDHAR WEATHER

ਸੜਕ ਜਾਮ ਕਰਨ ਆਏ ਹੋਮਗਾਰਡ ਦੇ 15 ਦਰਜ਼ਨ ਜਵਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ

ਭਵਾਨੀਗੜ੍ਹ, (ਸੰਗਰੂਰ), 13 ਅਗਸਤ (ਰਣਧੀਰ ਸਿੰਘ ਫੱਗੂਵਾਲਾ)- ਫੱਗੂਵਾਲਾ ਕੈਂਚੀਆਂ ਵਿਖੇ ਰਿਟਾਇਰਡ ਪੰਜਾਬ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਵਲੋਂ ਅਣ-ਮਿਥੇ ਸਮੇਂ ਲਈ ਲਗਾਇਆ ਜਾ ਰਿਹਾ ਸੂਬਾ ਪੱਧਰੀ ਸੜਕ ਜਾਮ ਉਸ ਸਮੇਂ ਅਸਫ਼ਲ ਬਣਾ ਦਿੱਤਾ, ਜਦੋਂ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਨੇ ਹੋਮਗਾਰਡ ਦੇ ਸੇਵਾ ਮੁਕਤ ਜਵਾਨਾਂ ਨੂੰ ਇਕੱਠੇ ਨਾ ਹੋਣ ਦਿੰਦਿਆਂ ਮੌਕੇ ’ਤੋਂ ਬੱਸਾਂ ਵਿਚ ਬਿਠਾ ਕੇ ਵੱਖ-ਵੱਖ ਥਾਣਿਆਂ ਵਿਚ ਲੈ ਗਏ। ਇਸ ਸੰਬੰਧੀ ਮੌਕੇ ’ਤੇ ਜਾ ਕੇ ਦੇਖ਼ਿਆ ਕਿ ਵੱਡੀ ਗਿਣਤੀ ਵਿਚ ਪੁਲਿਸ, ਜੋ ਵੱਖ-ਵੱਖ ਥਾਣਿਆਂ ਤੋਂ ਆਈ ਹੋਈ ਸੀ, ਵਲੋਂ ਜਦੋਂ ਵੀ ਕੋਈ ਹੋਮ ਗਾਰਡ ਦਾ ਜਵਾਨ ਦਿਖ਼ਦਾ ਤਾਂ ਉਸ ਨੂੰ ਹਿਰਾਸਤ ਲੈ ਕੇ ਬੱਸਾਂ ਵਿਚ ਬਿਠਾ ਕੇ ਮੌਕੇ ’ਤੋਂ ਸੰਗਰੂਰ ਵੱਲ ਲਿਜਾਇਆ ਜਾ ਰਿਹਾ ਸੀ।
ਸੁਨਾਮ ਵੱਲ ਇਕ ਪਾਸੇ ਖੜੇ ਹੋਮਗਾਰਡ ਦੇ ਸੇਵਾ ਮੁਕਤ ਜਵਾਨ ਸੁੱਚਾ ਸਿੰਘ ਅਤੇ ਭਜਨ ਸਿੰਘ ਜੋ ਡੇਰਾਬਸੀ ਨੇੜੇ ਪਿੰਡ ਸਮਰੌਲੀ ਤੋਂ ਆਏ ਹੋਏ ਸਨ, ਨੇ ਦੱਸਿਆ ਕਿ ਸਾਡੀ ਸੂਬਾ ਪੱਧਰੀ ਜਥੇਬੰਦੀ ਵਲੋਂ ਸਾਡੀਆਂ ਮੁੱਖ ਮੰਗਾਂ ‘ਹੋਮ ਗਾਰਡ ਜਵਾਨਾਂ ਨੂੰ ਪੈਨਸ਼ਨ ਲਗਾਉਣ ਅਤੇ 2015 ਤੋਂ ਹੋਮ ਗਾਰਡ ਜਵਾਨਾਂ ਦਾ ਰਹਿੰਦਾ ਬਕਾਇਆ ਲੈਣ’ ਸੰਬੰਧੀ ਸੂਬਾ ਆਗੂਆਂ ਵਲੋਂ ਦਿੱਤੇ ਸੱਦੇ ’ਤੇ ਫੱਗੂਵਾਲਾ ਕੈਂਚੀਆਂ ’ਤੇ ਬਣਿਆ ਪੁੱਲ ਨੂੰ ਬੰਦ ਕਰਨ ਦਾ ਪ੍ਰੋਗਰਾਮ ਬਣਾਇਆ ਸੀ, ਪਰ ਪੁਲਿਸ ਵਲੋਂ ਸਾਡੇ ਆਗੂਆਂ ਨੂੰ ਬੱਸਾਂ ਵਿਚ ਉਤਰਦਿਆਂ ਹੀ ਹਿਰਾਸਤ ਵਿਚ ਲੈ ਕੇ ਬੱਸਾਂ ਭਰ ਕੇ ਮੌਕੇ ’ਤੋਂ ਲੈ ਗਏ। ਸੁੱਚਾ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਬਹੁਤ ਜ਼ਿਆਦਾ ਬਿਮਾਰ ਹੈ, ਜੋ ਬੈਡ ’ਤੇ ਹੈ, ਮੈਂ ਤਾਂ ਹਾਜ਼ਰੀ ਲਗਵਾਉਣ ਆਇਆ ਸੀ, ਪਰ ਇਥੇ ਹੋ ਰਹੀ ਫੜੋ-ਫੜੀ ਵਿਚ ਅਸੀਂ ਦੋਵੇਂ ਪਾਸੇ ਹੋ ਕੇ ਖੜ ਗਏ। ਪੁਲਿਸ ਵਲੋਂ ਉਕਤ ਦੋਵਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ।
ਅੱਜ ਦੇ ਹੋਮਗਾਰਡ ਜਵਾਨਾਂ ਵਲੋਂ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿਚ ਭਾਵੇਂ ਪੁਲਿਸ ਨੇ ਸੇਵਾ ਮੁਕਤ ਜਵਾਨਾਂ ਨੂੰ ਉਨ੍ਹਾਂ ਦੀਆਂ ਬੱਸਾਂ ਵਿਚੋਂ ਉਤਰਦਿਆਂ ਹੀ ਹਿਰਾਸਤ ਵਿਚ ਲੈ ਲਿਆ, ਜਿਸ ਦੀ ਭਿਣਕ ਪ੍ਰੈਸ ਨੂੰ ਵੀ ਬਾਅਦ ਵਿਚ ਲੱਗੀ, ਪਰ ਮੌਕੇ ’ਤੇ ਜਾ ਕੇ ਦੇਖ਼ਿਆ ਕਿ ਹਿਰਾਸਤ ਵਿਚ ਲਏ ਹੋਮਗਾਰਡ ਜਵਾਨ ਸ਼ਾਂਤੀ ਨਾਲ ਹੀ ਪੁਲਿਸ ਦੀਆਂ ਗੱਡੀਆਂ ਵਿਚ ਬੈਠ ਗਏ, ਕਿਸੇ ਵੀ ਪ੍ਰਕਾਰ ਦੀ ਕੋਈ ਨਾਅਰੇਬਾਜ਼ੀ ਜਾ ਫੜੇ ਜਾਣ ਦਾ ਵਿਰੋਧ ਨਾ ਕੀਤਾ।
ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਦੇ ਸੜਕ ਜਾਮ ਨੂੰ ਲੈ ਕੇ ਪੁਲਿਸ ਇੰਨੀ ਪੱਬਾਂ ਭਾਰ ਹੋਈ ਦੇਖ਼ੀ ਗਈ, ਕਰੀਬ ਇਕ ਦਰਜ਼ਨ ਤੋਂ ਜਿਆਦਾ ਪੁਲਿਸ ਥਾਣਿਆਂ ਦੇ ਮੁਖੀ, 3 ਡੀ.ਐਸ.ਪੀ , ਐਸ.ਪੀ ਨਵਰੀਤ ਸਿੰਘ ਵਿਰਕ ਦੀ ਅਗਵਾਈ ਵਿਚ ਜਿਥੇ ਹੋਮ ਗਾਰਡ ਦਾ ਜਵਾਨ ਭਾਵੇਂ ਇਕ ਜਣਾ ਹੀ ਖੜਾ ਹੋਵੇ ਨੂੰ ਹਿਰਾਸਤ ’ਤੇ ਲੈਣ ਲਈ 20-30 ਪੁਲਿਸ ਜਵਾਨ ਜਾ ਕੇ ਉਸ ਨੂੰ ਫੜ ਕੇ ਲਿਆਉਂਦੇ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ