11 ਤਰੀਕ ਤੋਂ ਤਿੰਨ ਦਿਨ ਦੀ ਸਮੂਹਿਕ ਛੁੱਟੀ ’ਤੇ ਗਏ ਬਿਜਲੀ ਕਰਮਚਾਰੀਆ ਵਲੋਂ ਸਮੂਹਿਕ ਛੁੱਟੀ ਵਿਚ ਦੋ ਦਿਨ ਦਾ ਵਾਧਾ

ਢਿਲਵਾਂ, (ਕਪੂਰਥਲਾ) 13 ਅਗਸਤ (ਪ੍ਰਵੀਨ ਕੁਮਾਰ)- ਜੁਆਇੰਟ ਫ਼ੋਰਮ ਦੇ ਸੱਦੇ ’ਤੇ ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਢਿਲਵਾਂ ਦੇ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਲਈ 11 ਤਰੀਕ ਤੋਂ ਲਈ ਸਮੂਹਿਕ ਛੁੱਟੀ ਵਿਚ ਦੋ ਦਿਨ ਦਾ ਹੋਰ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਟੈਕਨੀਕਲ ਯੂਨੀਅਨ ਸਬ-ਡਵੀਜ਼ਨ ਢਿਲਵਾਂ ਦੇ ਪ੍ਰਧਾਨ ਸੁਖਬੀਰ ਸਿੰਘ ਤੇ ਸਕੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਨਾਲ ਮੈਨਜਮੈਂਟ ਤੇ ਸਰਕਾਰ ਦੀ ਗੱਲਬਾਤ ਸਿਰੇ ਨਾ ਲੱਗਣ ਤੋਂ ਬਾਅਦ ਉਨ੍ਹਾਂ ਇਸ ਸਮੂਹਿਕ ਛੁੱਟੀ ਵਿਚ ਦੋ ਦਿਨ ਦਾ ਵਾਧਾ ਕੀਤਾ ਹੈ।
ਦੱਸਣਯੋਗ ਹੈ ਕਿ ਸਮੂਹਿਕ ਛੁੱਟੀ ਤੋਂ ਬਾਅਦ ਜਿਥੇ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਮੁਲਾਜ਼ਮਾਂ ਤੋਂ ਬਿਨ੍ਹਾਂ ਦਫ਼ਤਰ ਵੀ ਖਾਲੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀਆ ਮੰਗਾਂ ਨੂੰ ਲਾਗੂ ਕਰਨ ਤੋਂ ਪਾਵਰਕਾਮ ਦੀ ਮੈਨਜਮੈਂਟ ਤੇ ਸੂਬਾ ਸਰਕਾਰ ਟਾਲਾ ਵੱਟਦੀ ਆ ਰਹੀ ਹੈ ਤੇ ਜੁਆਇੰਟ ਫ਼ੋਰਮ ਦੇ ਆਗੂਆਂ ਨਾਲ ਵੱਖ ਵੱਖ ਸਮੇਂ ’ਤੇ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਮੂਹਿਕ ਛੁੱਟੀ ਦੌਰਾਨ ਜੇਕਰ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਪਾਵਰਕਾਮ ਦੀ ਹੋਵੇਗੀ ।