ਗੁੱਜਰਵਾਲ ਦੇ 18 ਸਾਲਾ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਨਾਲ ਮੌਤ

ਜੋਧਾਂ, (ਲੁਧਿਆਣਾ), 13 ਅਗਸਤ (ਗੁਰਵਿੰਦਰ ਸਿੰਘ ਹੈਪੀ)-ਪਿੰਡ ਗੁੱਜਰਵਾਲ ਦੇ 18 ਸਾਲਾ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਤਰਨਪ੍ਰੀਤ ਸਿੰਘ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ 11 ਅਗਸਤ ਨੂੰ ਸ਼ਾਮ ਤੋਂ ਲਾਪਤਾ ਸੀ, ਜਿਸ ਦੀ ਇੱਧਰ ਉੱਧਰ ਭਾਲ ਕੀਤੀ ਪਰ 12 ਅਗਸਤ ਨੂੰ ਪਿੰਡ ਤੋਂ ਬਾਹਰ ਬਣੇ ਹੁਣ ਬੰਦ ਪਏ ਇਨਡੋਰ ਸਟੇਡੀਅਮ ਵਿਚੋਂ ਲਾਸ਼ ਮਿਲੀ। ਮ੍ਰਿਤਕ ਦੇ ਪਿਤਾ ਗੁਰਦੀਪ ਸਿੰਘ ਨੇ ਦਾਅਵਾ ਕੀਤਾ ਕਿ ਪਿੰਡ ਦੇ ਹੀ ਕੁਝ ਲੋਕ ਜੋ ਨਸ਼ਾ ਵੇਚਦੇ ਹਨ, ਉਨ੍ਹਾਂ ਦੇ ਚੁੰਗਲ ਵਿਚ ਤਰਨਪ੍ਰੀਤ ਸਿੰਘ ਫਸ ਗਿਆ ਸੀ। ਉਨ੍ਹਾਂ ਵਲੋਂ ਮੇਰੇ ਪੁੱਤਰ ਦਾ ਕਤਲ ਕਰਕੇ ਉਸ ਦੀ ਲਾਸ਼ ਸਟੇਡੀਅਮ ਵਿਚ ਸੁੱਟ ਦਿੱਤੀ ਗਈ।
ਇਸ ਘਟਨਾ ਤੋਂ ਗੁੱਸੇ ਵਿਚ ਆਏ ਪਿੰਡ ਵਾਸੀਆਂ ਵਲੋਂ ਧਰਨਾ ਦਿੱਤਾ ਗਿਆ। ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ‘ਚ ਔਰਤਾਂ ਤੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ।