ਰੈਪਰ ਬਾਦਸ਼ਾਹ ਦੇ ਕਲੱਬ ’ਤੇ ਹਮਲਾ ਕਰਨ ਵਾਲਾ ਇਕ ਹੋਰ ਦੋਸ਼ੀ ਗਿ੍ਫ਼ਤਾਰ

ਨਵੀਂ ਦਿੱਲੀ, 13 ਅਗਸਤ- 2024 ਵਿਚ ਚੰਡੀਗੜ੍ਹ ਵਿਖੇ ਗਾਇਕ ਅਤੇ ਰੈਪਰ ਬਾਦਸ਼ਾਹ ਦੇ ਨਾਈਟ ਕਲੱਬ ਦੇ ਬਾਹਰ ਹੋਏ ਬੰਬ ਹਮਲੇ ਨਾਲ ਸੰਬੰਧਿਤ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਦੀਪਕ ਵਜੋਂ ਹੋਈ ਹੈ। ਇਹ ਗ੍ਰਿਫ਼ਤਾਰੀ ਦਿੱਲੀ ਵਿਚ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ ਫਰੀਦਕੋਟ ਦਾ ਰਹਿਣ ਵਾਲਾ ਦੀਪਕ ਕਥਿਤ ਤੌਰ ’ਤੇ ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀ ਸੰਪਰਕ ਵਿਚ ਸੀ, ਜਿਸ ਨੇ ਪਹਿਲਾਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਦੱਸ ਦੇਈਏ ਕਿ 26 ਨਵੰਬਰ ਨੂੰ, ਚੰਡੀਗੜ੍ਹ ਦੇ ਦੋ ਕਲੱਬਾਂ ਦੇ ਬਾਹਰ ਦੋ ਧਮਾਕੇ ਹੋਏ। ਇਕ ਧਮਾਕਾ ਗਾਇਕ ਅਤੇ ਰੈਪਰ ਬਾਦਸ਼ਾਹ ਦੀ ਮਲਕੀਅਤ ਵਾਲੇ ਸੇਵਿਲ ਬਾਰ ਐਂਡ ਲਾਉਂਜ ਅਤੇ ਦੂਸਰਾ ਸਥਾਨਕ ਕਾਰੋਬਾਰੀਆਂ ਦੀ ਮਲਕੀਅਤ ਵਾਲੇ ਡੀ ਓਰਾ ਕਲੱਬ ਵਿਖੇ ਹੋਇਆ ਸੀ। ਧਮਾਕਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਵਿਚ ਇਕ ਵਿਅਕਤੀ ਨੂੰ ਭੱਜਣ ਤੋਂ ਪਹਿਲਾਂ ਕਲੱਬਾਂ ’ਤੇ ਬੰਬ ਸੁੱਟਦੇ ਹੋਏ ਦਿਖਾਇਆ ਗਿਆ ਸੀ। ਹਾਲਾਂਕਿ ਇਸ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਸੀ।
ਘਟਨਾ ਤੋਂ ਕੁਝ ਘੰਟਿਆਂ ਬਾਅਦ, ਲਾਰੈਂਸ ਬਿਸ਼ਨੋਈ ਨਾਲ ਜੁੜੇ ਗੋਲਡੀ ਬਰਾੜ ਨੇ ਇਕ ਕਥਿਤ ਫੇਸਬੁੱਕ ਪੋਸਟ ਵਿਚ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ।