ਕੁੱਟਮਾਰ ਦੇ ਦੋਸ਼ 'ਚ ਸਰਦੂਲਗੜ੍ਹ ਪੁਲਿਸ ਕਸੂਤੀ ਫਸੀ, ਥਾਣਾ ਮੁਖੀ ਤੇ ਰੀਡਰ ਖਿਲਾਫ਼ ਮੁਕੱਦਮਾ ਦਰਜ
ਮਾਨਸਾ, 5 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਕੁੱਟਮਾਰ ਦੇ ਦੋਸ਼ ਵਿਚ ਥਾਣਾ ਸਰਦੂਲਗੜ੍ਹ ਦੇ ਮੁਖੀ ਇੰਸਪੈਕਟਰ ਬਿਕਰਮ ਸਿੰਘ ਤੇ ਉਨ੍ਹਾਂ ਦੇ ਰੀਡਰ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਵਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਦੇਰ ਸ਼ਾਮ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਹੈ। ਕੋਈ ਵੀ ਪੁਲਿਸ ਅਧਿਕਾਰੀ ਹਾਲ ਦੀ ਘੜੀ ਕੁਝ ਕਹਿਣ ਨੂੰ ਤਿਆਰ ਨਹੀਂ ਪਰ ਉਹ ਇਹ ਜ਼ਰੂਰ ਦੱਸਦੇ ਹਨ ਕਿ ਥਾਣਾ ਮੁਖੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਭਰੋਸੇਯੋਗ ਪੁਲਿਸ ਸੂਤਰਾਂ ਦੀ ਮੰਨੀ ਜਾਵੇ ਤਾਂ ਇਹ ਕਾਰਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਕਸ਼ਨ ਦੇ ਡਰੋਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪਿੰਡ ਸਾਧੂਵਾਲਾ 'ਚ ਜ਼ਮੀਨੀ ਝਗੜੇ ਦੇ ਚੱਲਦਿਆਂ ਸੁਬੀਰ ਸਿੰਘ ਵਾਸੀ ਸਾਧੂਵਾਲਾ ਹਾਲ ਆਬਾਦ ਗੋਹੜ (ਰਾਜਸਥਾਨ) ਦੀ ਸ਼ਿਕਾਇਤ 'ਤੇ ਗੁਰਵਿੰਦਰ ਸਿੰਘ, ਜਸਕਰਨ ਸਿੰਘ, ਮਨਪ੍ਰੀਤ ਸਿੰਘ, ਗੁਰਮੀਤ ਸਿੰਘ ਆਦਿ ਖ਼ਿਲਾਫ਼ 25 ਜੂਨ 2025 ਨੂੰ ਮੁਕੱਦਮਾ ਦਰਜ ਕੀਤਾ ਸੀ। ਉਕਤ ਵਿਅਕਤੀਆਂ ਦੀ ਥਾਣੇ ਵਿਚ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਪੀੜਤਾਂ ਵਲੋਂ ਸ਼ਿਕਾਇਤ ਐਸ.ਐਸ.ਪੀ.ਮਾਨਸਾ ਨੂੰ ਕੀਤੀ ਗਈ, ਜਿਸ ਦੇ ਆਧਾਰ 'ਤੇ ਮੈਡੀਕਲ ਬੋਰਡ ਕਾਇਮ ਕੀਤਾ ਗਿਆ। ਬੋਰਡ ਦੀ ਪੁਸ਼ਟੀ ਹੋਣ ਉਪਰੰਤ ਸਬੰਧਿਤ ਨੇ ਪਟੀਸ਼ਨ ਹਾਈ ਕੋਰਟ 'ਚ ਦਾਖਲ ਕਰ ਦਿੱਤੀ। ਮਾਣਯੋਗ ਉੱਚ ਅਦਾਲਤ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਪੂਰੀ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਦੀ ਸੁਣਵਾਈ ਭਲਕੇ 6 ਅਗਸਤ ਨੂੰ ਹੋਣੀ ਹੈ, ਜਿਸ ਦੇ ਮੱਦੇਨਜ਼ਰ ਇਹ ਕਾਰਵਾਈ ਹੋਈ ਹੈ।