JALANDHAR WEATHER

05-08-2025

 ਹੁਣ ਭਿਖਾਰੀ ਕਿੱਥੇ ਗਏ

ਪਿਛਲੇ ਕੁਝ ਦਿਨਾਂ ਤੋਂ ਜਦੋਂ ਸਰਕਾਰ ਨੇ ਭਿਖਾਰੀਆਂ ਦਾ ਡੀ.ਐਨ.ਏ. ਟੈੱਸਟ ਕਰਵਾਉਣ ਦੀ ਗੱਲ ਆਖੀ ਹੈ ਚੌਂਕਾ-ਚੁਰਾਹਿਆਂ 'ਚੋਂ ਭਿਖਾਰੀ ਗਾਇਬ ਹੋ ਗਏ ਹਨ। ਇਹ ਉਹ ਹੀ ਚੌਂਕ ਸਨ ਜਿਥੇ ਪੁਲਿਸ ਹਮੇਸ਼ਾ ਖੜ੍ਹੀ ਰਹਿੰਦੀ ਸੀ, ਅਤੇ ਦੁਪਹੀਆ ਵਾਹਨਾਂ ਅਤੇ ਬਾਹਰੀ ਸ਼ਹਿਰਾਂ ਜਾਂ ਰਾਜਾਂ ਤੋਂ ਆਏ ਵਾਹਨਾਂ ਦੇ ਚਲਾਨ ਲਗਾਤਾਰ ਕੱਟੇ ਜਾਂਦੇ ਸਨ। ਉਨ੍ਹਾਂ ਚੌਂਕਾ ਵਿਚ ਭਿਖਾਰੀ ਅਤੇ ਥਰਡ ਜੈਂਡਰ ਸੜਕਾਂ ਤੇ ਗੱਡੀਆਂ ਵਾਲਿਆਂ ਕੋਲੋਂ ਭੀਖ ਮੰਗਦੇ ਆਮ ਨਜ਼ਰ ਆਉਂਦੇ ਸਨ। ਥਰਡ ਜੈਂਡਰ ਵਾਲਿਆਂ ਵਲੋਂ ਤਾਂ ਲਗਾਤਾਰ ਡਿਊਟੀਆਂ ਲਗਾਈਆਂ ਜਾਂਦੀਆਂ ਸਨ ਜਿਵੇਂ ਕਿ ਉਨ੍ਹਾਂ ਵਲੋਂ ਸਰਕਾਰੀ ਡਿਊਟੀ ਦਿੱਤੀ ਜਾਂਦੀ ਹੋਵੇ। ਇਹ ਸ਼ਿਫ਼ਟਾਂ ਸਵੇਰ ਤੋਂ ਦੁਪਹਿਰ ਅਤੇ ਦੁਪਹਿਰ ਤੋਂ ਸ਼ਾਮ ਤੱਕ ਚੱਲਦੀ ਸੀ।
ਇਸ ਦੌਰਾਨ ਉਹ ਹਰ ਚੌਂਕ ਦੇ ਚਾਰੇ ਪਾਸੇ ਕਵਰ ਕਰਦੇ ਸਨ ਅਤੇ ਜਿਸ ਪਾਸੇ ਰੈੱਡ ਲਾਈਟ ਹੁੰਦੀ ਸੀ ਉਸ ਪਾਸੇ ਜਾ ਕੇ ਲੋਕਾਂ ਕੋਲੋਂ ਹੱਥ ਜੋੜ ਕੇ ਪੈਸਿਆਂ ਦੀ ਮੰਗ ਕਰਦੇ ਸਨ। ਇਕ ਅੰਦਾਜ਼ੇ ਮੁਤਾਬਿਕ ਇਕ ਚੌਂਕ ਤੋਂ ਇਕ ਸ਼ਖ਼ਸ ਸਰਕਾਰੀ ਅਫ਼ਸਰ ਨਾਲੋਂ ਵੀ ਜ਼ਿਆਦਾ ਭੀਖ ਮੰਗ ਕੇ ਕਮਾਉਂਦਾ ਸੀ। ਉਸ ਵੇਲੇ ਵੀ ਲੋਕਾਂ ਵਲੋਂ ਇਹ ਆਵਾਜ਼ ਉਠਾਈ ਜਾਂਦੀ ਰਹੀ ਅਤੇ ਇਸ ਲਈ ਪੁਲਿਸ ਦੀ ਮਿਲੀਭੁਗਤ ਦੇ ਵੀ ਦੋਸ਼ ਲਗਦੇ ਰਹੇ ਪਰ ਜਦ ਤੋਂ ਸਰਕਾਰ ਨੇ ਇਨ੍ਹਾਂ ਦੇ ਡੀ.ਐਨ.ਏ. ਟੈੱਸਟ ਦੀ ਗੱਲ ਕਹੀ ਹੈ ਇਹ ਚੌਂਕਾਂ ਚੁਰਾਹਿਆਂ ਤੋਂ ਲਗਭਗ ਗ਼ਾਇਬ ਹੀ ਹੋ ਗਏ ਹਨ। ਇਹ ਸਰਕਾਰ ਦਾ ਵਧੀਆ ਕਦਮ ਹੈ। ਅਸੀਂ ਸਰਕਾਰ ਦੇ ਇਸ ਉਪਰਾਲੇ ਲਈ ਸ਼ੁਕਰੀਆ ਵੀ ਅਦਾ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਪੰਜਾਬ ਨੂੰ ਜਲਦ ਤੋਂ ਜਲਦ ਮੰਦਰਾਂ, ਗੁਰਦੁਆਰਿਆਂ ਦੇ ਬਾਹਰੋਂ ਵੀ ਭਿਖਾਰੀ ਮੁਕਤ ਬਣਾਇਆ ਜਾਵੇ।

-ਅਸ਼ੀਸ਼ ਸ਼ਰਮਾ
ਜਲੰਧਰ।

ਸਰਵ-ਵਿਆਪਕ ਗਿਆਨ

ਪ੍ਰਮਾਤਮਾ ਇਕ ਹੈ ਅਤੇ ਸਾਰੇ ਮਨੁੱਖ ਉਸ ਦੇ ਆਪਣੇ ਹਨ। ਸਭ ਮਨੁੱਖਾਂ, ਜੀਵ-ਜੰਤੂਆਂ ਅਤੇ ਪਦਾਰਥਾਂ ਵਿਚ ਉਸ ਇਕੋ ਪ੍ਰਮਾਤਮਾ ਦੀ ਜੋਤਿ ਜਗ ਰਹੀ ਹੈ। ਪ੍ਰਮਾਤਮਾ ਨੇ ਮਨੁੱਖੀ ਜ਼ਿੰਦਗੀ ਨੂੰ ਬਹੁਤ ਹੀ ਭੇਦਭਰੀ ਤੇ ਰਹੱਸਮਈ ਬਣਾ ਕੇ ਰੱਖਿਆ ਹੈ। ਮਨੁੱਖ ਇਕੋ ਜਿਹੇ ਹੋਣ ਦੇ ਬਾਵਜੂਦ ਵੀ ਸਾਡੀਆਂ ਅਕਲਾਂ ਤੇ ਸ਼ਕਲਾਂ ਇਕ ਦੂਜੇ ਤੋਂ ਭਿੰਨ ਹਨ। ਸਭ ਮਨੁੱਖਾਂ ਨੂੰ ਰੋਟੀ, ਕੱਪੜਾ ਤੇ ਮਕਾਨ ਦੀ ਲੋੜ ਹੈ। ਸਭ ਮਨੁੱਖਾਂ ਦੇ ਵਿਚਾਰ ਅਤੇ ਗਿਆਨ-ਧਿਆਨ ਦੇ ਢੰਗ ਵੱਖਰੇ ਹਨ। ਪਰ ਗਿਆਨ ਸਰਬ-ਵਿਆਪਕ ਹੈ।
ਦੁਨੀਆ ਸਭ ਮਨੁੱਖਾਂ ਤੇ ਸਾਰੇ ਸੱਭਿਆਚਾਰਾਂ ਲਈ ਇਕ ਸਮਾਨ ਹੈ।
ਇਸ ਗਿਆਨ ਦਾ ਪ੍ਰਯੋਗ ਹਰ ਖੇਤਰ, ਫਿਲਾਸਫੀ, ਰਾਜਨੀਤੀ ਅਰਥ-ਸ਼ਾਸਤਰ, ਕਾਨੂੰਨ, ਕੰਪਿਊਟਰ, ਸੰਗੀਤ, ਡਾਕਟਰੀ ਅਤੇ ਇੰਜੀਨਿਅਰਿੰਗ ਸਭ ਵਿਚ ਹੁੰਦਾ ਹੈ। ਸਰਬ-ਵਿਆਪਕ ਗਿਆਨ ਵਿਚ ਵਿਸ਼ੇਸ਼ ਤੌਰ 'ਤੇ ਮਨੁੱਖ ਦੀਆਂ ਮਾਨਸਿਕ ਕਿਰਿਆਵਾਂ ਨੂੰ ਸਮਝਣਾ, ਉਸ ਦੇ ਰੋਜ਼ਾਨਾ ਦੇ ਵਿਵਹਾਰ ਨੂੰ ਸਮਝਣਾ ਅਤੇ ਉਸ ਦੇ ਤਜਰਬਿਆਂ ਨੂੰ ਧਿਆਨ ਵਿਚ ਰੱਖਣਾ ਸ਼ਾਮਿਲ ਹਨ। ਇਸ ਤਰ੍ਹਾਂ ਮਨ, ਵਿਵਹਾਰ ਤੇ ਤਜਰਬੇ ਹਰ ਸਥਾਨ 'ਤੇ ਜਰੂਰੀ ਹਨ।

-ਮਨੋਵਿਗਿਆਨਿਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਗੜ੍ਹਸ਼ੰਕਰ, (ਹੁਸ਼ਿਆਰਪੁਰ)

ਵਿਕਾਸ ਤੇ ਸੰਘਰਸ਼ ਦੀ ਦੌੜ
ਅੱਜ ਦਾ ਯੁੱਗ ਤਕਨੀਕੀ ਜਾਣਕਾਰੀ ਅਤੇ ਤੇਜ਼ ਰਫ਼ਤਾਰ ਵਾਲਾ ਯੁੱਗ ਹੈ। ਇਹ ਇਕ ਅਜਿਹਾ ਦੌਰ ਹੈ, ਜਿਥੇ ਇਨਸਾਨ ਚੰਦਰਮਾ ਤੋਂ ਅੱਗੇ ਮਿਸ਼ਨ ਭੇਜ ਰਿਹਾ ਹੈ ਅਤੇ ਉਂਗਲੀ ਦੇ ਇਕ ਛੋਟੇ ਜਿਹੇ ਟਚ ਨਾਲ ਦੁਨੀਆ ਦੀ ਕਿਸੇ ਵੀ ਕੋਨੇ ਦੀ ਜਾਣਕਾਰੀ ਲੈ ਸਕਦਾ ਹੈ। ਇਸ ਡਿਜੀਟਲ ਯੁੱਗ ਵਿਚ ਇੰਟਰਨੈੱਟ, ਮੋਬਾਈਲ, ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਤਕਨੀਕਾਂ ਨੇ ਜੀਵਨ ਸੌਖਾ ਤੇ ਆਧੁਨਿਕ ਬਣਾ ਦਿੱਤਾ ਹੈ। ਅੱਜ ਇਨਸਾਨ ਦੇ ਕੋਲ ਸਭ ਕੁਝ ਹੈ, ਪਰ ਸਮਾਂ ਨਹੀਂ। ਭਾਵਨਾਵਾਂ ਹਨ, ਪਰ ਸੰਵੇਦਨਾ ਨਹੀਂ। ਮਨੁੱਖੀ ਰਿਸ਼ਤੇ ਮਸ਼ੀਨੀ ਹੋ ਗਏ ਹਨ।
ਲੋਕ ਇਕ-ਦੂਜੇ ਦੇ ਨਾਲ ਵਧੇਰੇ ਜੁੜੇ ਹੋਏ ਦਿਸਦੇ ਹਨ, ਪਰ ਅੰਦਰੋਂ ਇਕੱਲੇ ਹੋ ਗਏ ਹਨ। ਲੋਕ ਨਸ਼ਿਆਂ, ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਸੋਸ਼ਲ ਮੀਡੀਆ ਜਿਥੇ ਲੋਕਾਂ ਦੀ ਆਵਾਜ਼ ਬਣਿਆ ਉੱਥੇ ਹੀ ਨਫ਼ਰਤ ਅਤੇ ਝੂਠੀ ਚਮਕ ਵੀ ਬਣ ਗਿਆ। ਇਸਾਨ ਵਿਕਾਸ ਦੀ ਦੌੜ ਵਿਚ ਆਪਣੀ ਆਤਮਾ ਨੂੰ ਭੁੱਲ ਰਿਹਾ ਹੈ। ਸੱਚਾ ਵਿਕਾਸ ਓਹੀ ਹੈ ਜੋ ਮਨੁੱਖ ਨੂੰ ਅਸਲੀ ਅਰਥਾਂ ਵਿਚ ਸ਼ਾਂਤੀ, ਸਮਰੱਥਾ ਅਤੇ ਸੰਵੇਦਨਾ ਦੇਵੇ।

-ਮੰਜੂ ਰਾਇਕਾ
ਭਿੰਡਰਾਂ (ਸੰਗਰੂਰ)

ਨੌਜਵਾਨ ਪੀੜ੍ਹੀ ਤੇ ਬਜ਼ੁਰਗ

ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿਚ ਮਾਂ-ਬਾਪ ਦਾ ਅਹਿਮ ਰੋਲ ਹੁੰਦਾ ਹੈ। ਮਾਂ-ਬਾਪ ਨੂੰ ਬੱਚਿਆਂ ਤੋਂ ਬਹੁਤ ਆਸਾਂ ਹੁੰਦੀਆਂ ਹਨ ਕਿ ਉਨ੍ਹਾਂ ਦੇ ਬੱਚੇ ਲਾਇਕ ਬਣਨ ਤੇ ਸਮਾਜ ਵਿਚ ਉਨ੍ਹਾਂ ਦਾ ਮਾਣ ਸਨਮਾਨ ਵਧੇ। ਪਰ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਕੋਲ ਮਾਂ-ਬਾਪ ਲਈ ਸਮਾਂ ਨਹੀਂ ਹੈ। ਜ਼ਿੰਦਗੀ ਇੰਨੀ ਜ਼ਿਆਦਾ ਤੇਜ਼ ਹੋ ਚੁੱਕੀ ਹੈ ਕਿ ਬੱਚਿਆ ਕੋਲ ਮਾਪਿਆਂ ਲਈ ਬਿਲਕੁਲ ਸਮਾਂ ਨਹੀਂ ਹੈ। ਘਰਾਂ ਵਿਚ ਬਜ਼ੁਰਗਾਂ ਤੇ ਬੱਚਿਆਂ ਦੇ ਰਿਸ਼ਤਿਆਂ ਵਿਚ ਕੁੜੱਤਣ ਵਧ ਰਹੀ ਹੈ।
ਬਜ਼ੁਰਗ ਚਾਹੁੰਦੇ ਹਨ ਕਿ ਬੱਚੇ ਉਨ੍ਹਾਂ ਮੁਤਾਬਕ ਚੱਲਣ, ਪਰ ਬੱਚੇ ਆਪ ਹੀ ਸਾਰੇ ਫ਼ੈਸਲੇ ਲੈ ਲੈਂਦੇ ਹਨ। ਕਈ ਘਰਾਂ ਵਿਚ ਬਜ਼ੁਰਗਾਂ ਦੀ ਟੋਕਾਟਾਕੀ ਵੀ ਬਹੁਤ ਹੁੰਦੀ ਹੈ।
ਬਜ਼ੁਰਗਾਂ ਨੂੰ ਸਮੇਂ ਦੇ ਮੁਤਾਬਿਕ ਚੱਲਣਾ ਚਾਹੀਦਾ ਹੈ, ਜੇ ਘਰ ਵਿਚ ਉਹ ਬੱਚਿਆਂ ਦੇ ਮਾਮਲਿਆਂ ਵਿਚ ਜ਼ਿਆਦਾ ਟੋਕਾ ਟਾਕੀ ਨਹੀਂ ਕਰਨਗੇ ਤਾਂ ਉਨ੍ਹਾਂ ਦਾ ਘਰ ਵਿਚ ਸਤਿਕਾਰ ਬਣਿਆ ਰਹੇਗਾ। ਅੱਜ ਕੱਲ੍ਹ ਦੀਆਂ ਨੂੰਹਾਂ ਤਾਂ ਸਹੁਰਿਆਂ/ਬਜ਼ੁਰਗਾਂ ਦੀ ਸ਼ਕਲ ਦੇਖਣਾ ਤੱਕ ਪਸੰਦ ਨਹੀਂ ਕਰਦੀਆਂ, ਮਹੀਨੇ ਦੇ ਪਹਿਲੇ ਹਫ਼ਤੇ ਪਾਪਾ ਜੀ, ਮੰਮੀ ਜੀ ਕਰਦੀਆਂ ਹਨ ਕਿਉਂਕਿ ਪੈਨਸ਼ਨ ਨਾਲ ਪਿਆਰ ਬਹੁਤ ਹੈ ਪਰ ਬਜ਼ੁਰਗਾਂ ਨਾਲ ਪਿਆਰ ਨਹੀਂ।

-ਸੰਜੀਵ ਸਿੰਘ ਸੈਣੀ ਮੁਹਾਲੀ

ਆਮ ਲੋਕਾਂ ਦਾ ਕਤਲੇਆਮ

ਅੱਜ ਦੁਨੀਆ ਭਰ ਦੇ ਬਹੁਤੇ ਦੇਸ਼ਾਂ 'ਚ ਜੰਗ ਲੱਗੀ ਹੋਈ ਹੈ ਤੇ ਬਹੁਤਿਆਂ 'ਚ ਜੰਗ ਵਰਗਾ ਮਾਹੌਲ ਅਕਸਰ ਹੀ ਬਣਿਆ ਰਹਿੰਦਾ ਹੈ। ਇਨ੍ਹਾਂ ਜੰਗਾਂ ਨੇ ਕਦੇ ਵੀ ਕਿਸੇ ਦਾ ਵੀ ਕੁਝ ਨਹੀਂ ਸੰਵਾਰਿਆ। ਸਗੋਂ ਭਿਆਨਕ ਤਬਾਹੀਆਂ ਹੀ ਦਿੱਤੀਆਂ ਹਨ। ਮਨੁੱਖ ਹੀ ਮਨੁੱਖ ਨੂੰ ਮਾਰੀ ਜਾ ਰਿਹਾ ਹੈ। ਜੰਗ ਲੜ ਰਹੇ ਹੁਕਮਰਾਨਾਂ ਦੇ ਆਪਸੀ ਮਤਭੇਦ ਹੋ ਸਕਦੇ ਹਨ। ਅਸਲ 'ਚ ਤਾਂ ਹੁਕਮਰਾਨਾਂ ਦੇ ਜੰਗਾਂ ਪਿੱਛੇ ਸਿਆਸੀ ਹਿੱਤ ਛੁਪੇ ਹੁੰਦੇ ਹਨ। ਪਰ ਸਚਾਈ ਇਹੀ ਹੈ ਕਿ ਅਖੌਤੀ ਜੰਗਾਂ ਦੇ ਨਾਂਅ 'ਤੇ ਆਮ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਜਦਕਿ ਹੁਕਮਰਾਨਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੁੰਦਾ। ਉਪਰੋਕਤ ਵਰਤਾਰਾ ਦੱਸਦਾ ਹੈ ਕਿ ਇਹ ਸਭ ਗਿਣੀ-ਮਿੱਥੀ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ। ਇਹ ਜੰਗਾਂ ਜਲਦ ਤੋਂ ਜਲਦ ਬੰਦ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਮਨੁੱਖਤਾ ਨੂੰ ਬਚਾਇਆ ਜਾ ਸਕੇ।

-ਬੰਤ ਸਿੰਘ ਘੁਡਾਣੀ
ਲੁਧਿਆਣਾ