ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦੀ ਜਥੇਦਾਰ ਬਾਬਾ ਟੇਕ ਸਿੰਘ ਵਲੋਂ ਨਿਖੇਧੀ

ਤਲਵੰਡੀ ਸਾਬੋ, (ਬਠਿੰਡਾ), 5 ਅਗਸਤ (ਰਣਜੀਤ ਸਿੰਘ ਰਾਜੂ)- ਸੰਗੀਨ ਕੇਸਾਂ ’ਚ ਦੋਸ਼ੀ ਸਾਬਿਤ ਹੋ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ ਪੈਰੋਲ ਦਿੱਤੇ ਜਾਣ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਨਿਖੇਧੀ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਬਾ ਟੇਕ ਸਿੰਘ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ 14ਵੀਂ ਵਾਰ ਪੈਰੋਲ ਦਿੱਤੀ ਗਈ ਹੈ ਜਦੋਂਕਿ ਸਿੱਖ ਕੌਮ ਲਈ ਕੁਰਬਾਨੀਆਂ ਕਰਨ ਕਰਕੇ ਜੇਲ੍ਹਾਂ ’ਚ ਬੰਦ ਸਿੱਖਾਂ ਨੂੰ 14 ਘੰਟਿਆਂ ਦੀ ਵੀ ਪੈਰੋਲ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਕਿਹਾ ਕਿ ਸਿੱਖ ਬੰਦੀਆਂ ਨੂੰ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਦੇ ਅਕਾਲ ਚਲਾਣੇ ਮੌਕੇ ਵੀ ਸਿਰਫ਼ ਕੁਝ ਘੰਟਿਆਂ ਦੀ ਪੈਰੋਲ ਦਿੱਤੀ ਜਾਂਦੀ ਹੈ ਅਤੇ ਡੇਰਾ ਮੁਖੀ ਨੂੰ ਉਸ ਦੇ ਜਨਮ ਦਿਨ ਦੇ ਜਸ਼ਨ ਮਨਾਉਣ ਲਈ ਹੀ 40 ਦਿਨ ਦੀ ਪੈਰੋਲ ਦੇ ਦਿੱਤੀ ਗਈ। ਅਜਿਹੇ ਘਟਨਾਕ੍ਰਮ ਕਰਕੇ ਹੀ ਸਿੱਖਾਂ ਨੂੰ ਇਹ ਮੰਨਣਾ ਪੈਂਦਾ ਹੈ ਕਿ ਦੇਸ਼ ਦਾ ਕਾਨੂੰਨ ਅਤੇ ਸਰਕਾਰ ਦੇ ਉਨ੍ਹਾਂ ਪ੍ਰਤੀ ਦੋਹਰੇ ਮਾਪਦੰਡ ਹਨ। ਉਨ੍ਹਾਂ ਮੰਗ ਕੀਤੀ ਕਿ ਲੰਬੇ ਸਮੇਂ ਤੋਂ ਜੇਲ੍ਹਾਂ ’ਚ ਬੰਦ ਸਿੱਖ ਕੈਦੀਆਂ ਨੂੰ ਵੀ ਪੈਰੋਲਾਂ ਦਿੱਤੀਆਂ ਜਾਣ।