13 ਨੂੰ ਕਾਰਪੋਰੇਸ਼ਨਾਂ ਭਾਰਤ ਛੱਡੋ ਦਿਵਸ 'ਤੇ ਦੇਸ਼ ਭਰ 'ਚ ਕਿਸਾਨ ਕੱਢਣਗੇ ਟਰੈਕਟਰ ਰੈਲੀਆਂ

ਕਰਨਾਲ, 4 ਅਗਸਤ (ਗੁਰਮੀਤ ਸਿੰਘ ਸੱਗੂ)-ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐੱਮ.) ਦੇ ਸੱਦੇ 'ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਆਉਣ ਵਾਲੀ 13 ਅਗਸਤ ਨੂੰ ਦੇਸ਼ ਭਰ ਦੇ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਟਰੈਕਟਰ ਰੈਲੀਆਂ ਅਤੇ ਰੋਸ ਮਾਰਚ ਕੱਢੇ ਜਾਣਗੇ। ਇਹ ਰੋਸ ਮਾਰਚ ਸਾਰੇ ਕਿਸਾਨ ਸੰਗਠਨਾਂ ਵਲੋਂ ਕੀਤੇ ਜਾਣਗੇ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਭਾਕਿਯੂ) ਇਕਾਈ ਦੇ ਤਹਿਤ ਦੀਨਬੰਧੂ ਸਰ ਛੋਟੂ ਰਾਮ ਕਿਸਾਨ ਭਵਨ ਵਿਚ ਪ੍ਰਦੇਸ਼ ਪੱਧਰੀ ਮੀਟਿੰਗ ਹੋਈ। ਮੀਟਿੰਗ ਦੀ ਅਗਵਾਈ ਕੈਥਲ ਤੋਂ ਪ੍ਰਮੁੱਖ ਕਿਸਾਨ ਨੇਤਾ ਸਤਪਾਲ ਦਿਲੋਂਵਾਲੀ ਨੇ ਕੀਤੀ।
ਇਸ ਦੌਰਾਨ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਪ੍ਰਦੇਸ਼ ਪ੍ਰਧਾਨ ਰਤਨ ਮਾਨ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐਸ.ਕੇ.ਐੱਮ. ਦੇ ਆਹਵਾਨ 'ਤੇ 13 ਅਗਸਤ ਨੂੰ ਪ੍ਰਦੇਸ਼ ਵਿਚ ਜ਼ੋਰਦਾਰ ਢੰਗ ਨਾਲ ਸਰਕਾਰ ਵਿਰੁੱਧ ਜ਼ਿਲ੍ਹਾ ਮੁਖਆਲਿਆਂ 'ਤੇ ਟਰੈਕਟਰ ਰੈਲੀਆਂ ਕੱਢੀਆਂ ਜਾਣਗੀਆਂ। ਇਸ ਮਾਰਚ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੀਟਿੰਗ ਵਿਚ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਸੋਨੀਪਤ, ਕੈਥਲ, ਜੀਂਦ, ਹਿਸਾਰ, ਮੇਵਾਤ, ਝੱਜਰ, ਰਿਵਾੜੀ ਆਦਿ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨੇ ਭਾਗ ਲਿਆ।
ਉਨ੍ਹਾਂ ਕਿਹਾ ਕਿ ਜੇਕਰ ਭਾਰਤ ਅਤੇ ਯੂ.ਕੇ. ਵਿਚਕਾਰ ਦਾ ਸੁਝਾਏ ਗਿਆ ਫ੍ਰੀ ਟਰੇਡ ਏਗਰੀਮੈਂਟ (ਐਫ.ਟੀ.ਏ.) ਲਾਗੂ ਕੀਤਾ ਗਿਆ ਤਾਂ ਇਹ ਭਾਰਤੀ ਅਰਥਵਿਵਸਥਾ ਨੂੰ ਤਬਾਹ ਕਰ ਦੇਵੇਗਾ। ਇਹ ਉਸੇ ਤਰ੍ਹਾਂ ਦਾ ਬਾਜ਼ਾਰੀ ਦਖਲਅੰਦਾਜ਼ੀ ਹੈ ਜਿਵੇਂ ਕਿਵੇਂ ਕਿ ਔਪਨਿਵੇਸ਼ਕ ਦੌਰ ਵਿਚ ਈਸਟ ਇੰਡੀਆ ਕੰਪਨੀ ਨੇ ਕੀਤਾ ਸੀ।