ਸੀਨੀਅਰ ਆਗੂ ਦਾਮਨ ਥਿੰਦ ਬਾਜਵਾ ਬਣੇ ਭਾਜਪਾ ਦੇ ਜ਼ਿਲ੍ਹਾ 2 ਦੇ ਪ੍ਰਧਾਨ

ਸੁਨਾਮ, ਊਧਮ ਸਿੰਘ ਵਾਲਾ, 4 ਅਗਸਤ (ਰੁਪਿੰਦਰ ਸਿੰਘ ਸੱਗੂ)-ਭਾਰਤੀ ਜਨਤਾ ਪਾਰਟੀ ਵਲੋਂ ਹਲਕੇ ਦੀ ਉੱਘੀ ਭਾਜਪਾ ਆਗੂ ਦਾਮਨ ਥਿੰਦ ਬਾਜਵਾ ਨੂੰ ਭਾਜਪਾ ਜ਼ਿਲ੍ਹਾ 2 ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਹਲਕੇ ਅੰਦਰ ਪਾਰਟੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅੱਜ ਦੇ ਸ਼ਿਵ ਨਿਕੇਤਨ ਧਰਮਸ਼ਾਲਾ ਵਿਚ ਹੋਏ ਭਾਜਪਾ ਦੇ ਚੋਣ ਇਜਲਾਸ ਦੌਰਾਨ ਚੋਣ ਆਬਜ਼ਰਵਰ ਮੋਹਨ ਲਾਲ ਦੀ ਅਗਵਾਈ ਹੇਠ ਹੋਈ ਚੋਣ ਦੌਰਾਨ ਦਾਮਨ ਥਿੰਦ ਬਾਜਵਾ ਨੂੰ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਈ ਦਾਮਨ ਥਿੰਦ ਬਾਜਵਾ ਦਾ ਨਾਮ ਭਾਜਪਾ ਦੇ ਪਿਛਲੇ ਜ਼ਿਲ੍ਹਾ ਪ੍ਰਧਾਨ ਰਹੇ ਅੰਮ੍ਰਿਤਰਾਜ ਸਿੰਘ ਚੱਠਾ ਨੇ ਪੇਸ਼ ਕੀਤਾ ਅਤੇ ਇਸ ਤਾਇਦ ਸੰਜੇ ਗੋਇਲ ਸਮੇਤ ਭਾਜਪਾ ਆਗੂਆਂ ਨੇ ਕੀਤੀ ਅਤੇ ਇਸ ਤੋਂ ਬਾਅਦ ਚੋਣ ਆਬਜ਼ਰਵਰ ਮੋਹਨ ਲਾਲ ਨੇ ਦਾਮਨ ਥਿੰਦ ਬਾਜਵਾ ਨੂੰ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ 2 ਦਾ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਭਾਜਪਾ ਦੀ ਨਵੀਂ ਬਣੀ ਜ਼ਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਨੇ ਸਾਰੇ ਭਾਜਪਾ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਵਿਸ਼ਵਾਸ ਨਾਲ ਉਨ੍ਹਾਂ ਨੂੰ ਅੱਜ ਪਾਰਟੀ ਨੇ ਇੰਨੀ ਵੱਡੀ ਸੰਗਰੂਰ ਦੀ ਜ਼ਿੰਮੇਵਾਰੀ ਦਿੱਤੀ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ ਅਤੇ ਭਾਜਪਾ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਵੀ ਘਰ-ਘਰ ਲੈ ਕੇ ਜਾਣਗੇ ਅਤੇ ਪਹਿਲਾਂ ਵਾਂਗ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਦਾਮਨ ਥਿੰਦ ਬਾਜਵਾ ਜ਼ਿਲ੍ਹਾ ਸੰਗਰੂਰ ਦੀ ਪਹਿਲੀ ਮਹਿਲਾ ਭਾਜਪਾ ਜ਼ਿਲ੍ਹਾ ਪ੍ਰਧਾਨ ਹੈ। ਇਸ ਮੌਕੇ ਸੰਜੇ ਗੋਇਲ, ਰਾਜੀਵ ਮੱਖਣ, ਸ਼ੰਕਰ ਬਾਂਸਲ, ਹਰਮਨ ਦੇਵ ਸਿੰਘ ਬਾਜਵਾ, ਅਸ਼ੋਕ ਗੋਇਲ, ਰਾਕੇਸ਼ ਕੁਮਾਰ ਟੋਨੀ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।