ਹੜ੍ਹ ਪੀੜ੍ਹਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਨੈਸ਼ਨਲ ਹਾਈਵੇ 54 ਜਾਮ

ਮੱਖੂ/ਹਰੀਕੇ ਪੱਤਣ (ਤਰਨਤਾਰਨ), 3 ਅਗਸਤ (ਕੁਲਵਿੰਦਰ ਸਿੰਘ ਸੰਧੂ/ਸੰਜੀਵ ਕੁੰਦਰਾ) - ਹੜ੍ਹਾਂ ਦੀ ਮਾਰ ਤੋਂ ਪ੍ਰਭਾਵਿਤ ਕਿਸਾਨਾਂ ਵਲੋਂ ਗਠਿਤ ਕੀਤੀ ਹੜ੍ਹ ਪੀੜ੍ਹਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਜਸਬੀਰ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਵੇਰ ਤੋਂ ਹਰੀਕੇ ਹੈੱਡ ਵਰਕਸ 'ਤੇ ਸ਼ਾਂਤਮਈ ਧਰਨੇ 'ਤੇ ਬੈਠੇ ਹੜ੍ਹ ਪ੍ਰਭਾਵਿਤ ਕਿਸਾਨਾਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਜੋ ਹਰੀਕੇ ਹੈੱਡ ਵਰਕਸ 'ਤੇ ਵਾਧੂ ਪਾਣੀ ਜਮਾਂ ਕੀਤਾ ਹੋਇਆ ਹੈ, ਉਸ ਨੂੰ ਨਾਲ ਦੀ ਨਾਲ ਲਹਿੰਦੇ ਪਾਸੇ ਕੱਢ ਦਿੱਤਾ ਜਾਵੇ ਤਾਂ ਜੋ ਕਿਸਾਨ ਦੋਨੋਂ ਤਰਫ਼ ਹੜ੍ਹਾਂ ਦੀ ਮਾਰ ਤੋਂ ਬਚ ਸਕਣ। ਹੜ੍ਹ ਪੀੜ੍ਹਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਦੋਸ਼ ਲਾਇਆ ਕਿ ਅਸੀਂ ਸਵੇਰ ਦੇ ਸ਼ਾਂਤਮਈ ਤਰੀਕੇ ਨਾਲ ਧਰਨੇ 'ਤੇ ਬੈਠੇ ਸੀ, ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸਾਡੇ ਕੋਲ ਨਹੀਂ ਪਹੁੰਚਿਆ। ਇਸ ਲਈ ਅਸੀਂ ਨੈਸ਼ਨਲ ਹਾਈਵੇ 54 ਦਾ ਇਕ ਪਾਸਾ ਜਾਮ ਕਰ ਰਹੇ ਹਾਂ। ਜੇਕਰ ਸਾਡੀਆਂ ਮੰਗਾਂ ਨੂੰ ਨਾ ਮੰਨੀਆਂ ਗਈਆਂ ਤਾਂ ਅਸੀਂ ਨੈਸ਼ਨਲ ਹਾਈਵੇ 54 ਦੋਵੇਂ ਪਾਸਿਓਂ ਜਾਮ ਕਰਕੇ ਦੋਵੇਂ ਪਾਸੇ ਅਣਮਿੱਥੇ ਸਮੇਂ ਧਰਨਾ ਲਗਾ ਦੇਵਾਂਗੇ।