ਫੜਨਵੀਸ ਨੇ ਵਿਸ਼ਵ ਸ਼ਤਰੰਜ ਚੈਂਪੀਅਨ ਦਿਵਿਆ ਨੂੰ 3 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਸੌਂਪੀ

• ਚੀਫ਼ ਜਸਟਿਸ ਗਵੱਈ ਪਹੁੰਚੇ ਦਿਵਿਆ ਦੇ ਘਰ • ਪੁਰਾਣੇ ਪਰਿਵਾਰਕ ਸੰਬੰਧਾਂ ਨੂੰ ਕੀਤਾ ਯਾਦ
ਨਾਗਪੁਰ, 2 ਅਗਸਤ (ਪੀ.ਟੀ.ਆਈ.)-ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇੱਥੇ ਨਵੀਂ ਮਹਿਲਾ ਸ਼ਤਰੰਜ ਵਿਸ਼ਵ ਕੱਪ ਚੈਂਪੀਅਨ ਦਿਵਿਆ ਦੇਸ਼ਮੁਖ ਦਾ ਸਨਮਾਨ ਕੀਤਾ ਤੇ ਉਸਨੂੰ 3 ਕਰੋੜ ਰੁਪਏ ਦਾ ਨਕਦ ਇਨਾਮ ਸੌਂਪਿਆ | 19 ਸਾਲਾ ਦੇਸ਼ਮੁਖ, 28 ਜੁਲਾਈ ਨੂੰ ਜਾਰਜੀਆ ਦੇ ਬਾਟੂਮੀ ਵਿਖੇ ਹੋਏ ਮਹਿਲਾ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰੀ ਬਣ ਗਈ ਜਦੋਂ ਉਸਨੇ ਫਾਈਨਲ ਦੇ ਟਾਈ-ਬ੍ਰੇਕਰ 'ਚ ਹਮਵਤਨ ਕੋਨੇਰੂ ਹੰਪੀ ਨੂੰ ਹਰਾ ਦਿੱਤਾ | ਇਸ ਜਿੱਤ ਨੇ ਨਾ ਸਿਰਫ਼ ਉਸਨੂੰ ਵੱਕਾਰੀ ਖਿਤਾਬ ਦਿਵਾਇਆ, ਸਗੋਂ ਉਸਨੂੰ ਗ੍ਰੈਂਡਮਾਸਟਰ ਵੀ ਬਣਾਇਆ | ਦੇਸ਼ਮੁਖ ਨਾਗਪੁਰ ਦੀ ਰਹਿਣ ਵਾਲੀ ਹੈ, ਜਿੱਥੋਂ ਮੁੱਖ ਮੰਤਰੀ ਫੜਨਵੀਸ ਵੀ ਰਹਿੰਦੇ ਹਨ | ਸ਼ਹਿਰ 'ਚ ਕਰਵਾਏ ਇਕ ਪ੍ਰੋਗਰਾਮ ਦੌਰਾਨ ਗ੍ਰੈਂਡਮਾਸਟਰ ਨੇ ਮੁੱਖ ਮੰਤਰੀ ਫੜਨਵੀਸ ਤੇ ਨਾਗਪੁਰ ਦੇ ਲੋਕਾਂ ਦਾ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਧੰਨਵਾਦ ਕੀਤਾ | ਉਸਨੇ ਮਹਾਰਾਸ਼ਟਰ ਸਰਕਾਰ ਤੇ ਮਹਾਰਾਸ਼ਟਰ ਸ਼ਤਰੰਜ ਐਸੋਸੀਏਸ਼ਨ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ | ਇਸ ਦੌਰਾਨ ਭਾਰਤ ਦੇ ਚੀਫ ਜਸਟਿਸ ਭੂਸ਼ਣ ਗਵਈ ਵੀ ਦੇਸ਼ਮੁਖ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦੇਣ ਲਈ ਨਾਗਪੁਰ ਵਿਖੇ ਉਨ੍ਹਾਂ ਦੇ ਘਰ ਮਿਲਣ ਗਏ | ਇਤਫਾਕਨ, ਸੀ.ਜੇ.ਆਈ. ਅਮਰਾਵਤੀ ਤੋਂ ਹਨ ਤੇ ਦੇਸ਼ਮੁਖ ਦੇ ਦਾਦਾ ਸਵਰਗੀ ਡਾ. ਕੇ.ਜੀ. ਦੇਸ਼ਮੁਖ ਕਦੇ ਸੰਤ ਗਡਗੇ ਬਾਬਾ ਅਮਰਾਵਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ | ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੀ.ਜੇ.ਆਈ. ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਤੇ ਸਵਰਗੀ ਕੇ.ਜੀ. ਦੇਸ਼ਮੁਖ ਬਹੁਤ ਕਰੀਬੀ ਦੋਸਤ ਸਨ |