JALANDHAR WEATHER

ਓਵਲ ਟੈਸਟ : ਭਾਰਤੀ ਟੀਮ ਨੇ ਦੂਜੀ ਪਾਰੀ 'ਚ ਬਣਾਈਆਂ 396 ਦੌੜਾਂ

• ਯਸ਼ਸਵੀ ਜੈਸਵਾਲ ਨੇ ਜੜਿਆ ਸੈਂਕੜਾ • ਇੰਗਲੈਂਡ ਨੂੰ ਜਿੱਤ ਲਈ 324 ਦੌੜਾਂ ਦੀ ਲੋੜ
ਲੰਡਨ, 2 ਅਗਸਤ (ਏਜੰਸੀ)-ਭਾਰਤ ਤੇ ਇੰਗਲੈਂਡ ਵਿਚਾਲੇ ਐਂਡਰਸਨ-ਤੇਂਦੁਲਕਰ ਟਰਾਫ਼ੀ ਦੇ 5ਵੇਂ ਤੇ ਆਖਰੀ ਟੈਸਟ ਦੇ ਤੀਜੇ ਦਿਨ ਭਾਰਤ ਦੇ ਯਸ਼ਸਵੀ ਜੈਸਵਾਲ ਨੇ 51 ਦੌੜਾਂ ਤੇ ਆਕਾਸ਼ ਦੀਪ ਨੇ 4 ਦੌੜਾਂ ਨਾਲ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ | ਦੋਵੇਂ ਇੰਗਲੈਂਡ ਦੇ ਗੇਂਦਬਾਜ਼ਾਂ 'ਤੇ ਦਬਾਅ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਨਜ਼ਰ ਆਏ | ਇਸ ਦੌਰਾਨ ਆਕਾਸ਼ ਦੀਪ ਨੇ ਆਪਣੇ ਟੈਸਟ ਕੈਰੀਅਰ ਦਾ ਪਹਿਲਾ ਅਰਧ ਸੈਂਕੜਾ ਲਗਾਇਆ | ਹਾਲਾਂਕਿ ਉਹ 66 ਦੌੜਾਂ ਬਣਾ ਓਵਰਟਨ ਦੀ ਗੇਂਦ 'ਤੇ ਕੈਚ ਦੇ ਬੈਠੇ | ਫਿਰ ਕਪਤਾਨ ਸ਼ੁਭਮਨ ਗਿੱਲ ਯਸ਼ਸਵੀ ਦਾ ਸਮਰਥਨ ਕਰਨ ਲਈ ਆਏ ਹਨ | ਹਾਲਾਂਕਿ, ਉਹ 11 ਦੌੜਾਂ ਹੀ ਬਣਾ ਸਕੇ ਤੇ ਆਊਟ ਹੋ ਗਏ | ਉਨ੍ਹਾਂ ਨੂੰ ਗੁਸ ਐਟਕਿੰਸਨ ਨੇ ਐਲ.ਬੀ.ਡਬਲਿਊ. ਆਊਟ ਕੀਤਾ | ਜੈਸਵਾਲ ਨੂੰ ਕਰੁਣ ਨਾਇਰ ਦਾ ਸਾਥ ਮਿਲਿਆ ਤੇ ਉਨ੍ਹਾਂ 127 ਗੇਂਦਾਂ 'ਚ ਆਪਣੇ ਟੈਸਟ ਕਰੀਅਰ ਦਾ 6ਵਾਂ ਸੈਂਕੜਾ ਪੂਰਾ ਕੀਤਾ | ਭਾਰਤ ਨੂੰ 5ਵਾਂ ਝਟਕਾ ਕਰੁਣ ਨਾਇਰ ਦੇ ਰੂਪ 'ਚ ਲੱਗਾ ਜਦ ਉਹ 17 ਦੌੜਾਂ ਬਣਾ ਆਊਟ ਹੋ ਗਏ | ਇਸ ਤੋਂ ਬਾਅਦ ਰਵਿੰਦਰ ਜਡੇਜਾ ਜੈਸਵਾਲ ਦਾ ਸਮਰਥਨ ਕਰਨ ਲਈ ਆਏ ਪਰ ਜੈਸਵਾਲ 118 ਦੌੜਾਂ ਬਣਾਉਣ ਤੋਂ ਬਾਅਦ ਜੋਸ਼ ਟੰਗ ਦਾ ਸ਼ਿਕਾਰ ਬਣ ਗਏ | ਜਿਸ ਮਗਰੋਂ ਧਰੁਵ ਜੁਰੇਲ ਨੇ ਜਡੇਜਾ ਨਾਲ ਸਾਂਝੇਦਾਰੀ ਸ਼ੁਰੂ ਕੀਤੀ | ਹਾਲਾਂਕਿ ਜੁਰੇਲ ਵੀ ਓਵਰਟਨ ਵਲੋਂ ਐਲ.ਬੀ.ਡਬਲਿਊ. ਕਰ ਦਿੱਤੇ ਗਏ | ਜਿਸ ਮਗਰੋਂ ਵਾਸ਼ਿੰਗਟਨ ਸੁੰਦਰ ਤੇ ਜਡੇਜਾ ਨੇ ਮੋਰਚਾ ਸੰਭਾਲਿਆ | ਪਰ ਟੰਗ ਨੇ ਜਡੇਜਾ ਨੂੰ ਹੈਰੀ ਬਰੂਕ ਹੱਥੋਂ ਕੈਚ ਆਊਟ ਕਰਵਾ ਪੈਵੇਲੀਅਨ ਭੇਜ ਦਿੱਤਾ | ਵਾਸ਼ਿੰਗਟਨ ਸੁੰਦਰ ਵੀ 53 ਦੌੜਾਂ ਬਣਾ ਆਉਟ ਹੋਏ | ਹਾਲਾਂਕਿ, ਮੁਹੰਮਦ ਸਿਰਾਜ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ | ਇਸ ਦੇ ਨਾਲ ਹੀ, ਪ੍ਰਸਿਧ ਕਿ੍ਸ਼ਨਾ ਖਾਤਾ ਖੋਲ੍ਹੇ ਬਿਨਾਂ ਅਜੇਤੂ ਮੌਜੂਦ ਰਹੇ | ਆਪਣੀ ਦੂਜੀ ਪਾਰੀ 'ਚ ਭਾਰਤ ਨੇ 396 ਦੌੜਾਂ ਬਣਾਈਆਂ | ਇੰਗਲੈਂਡ ਲਈ ਜੋਸ਼ ਟੰਗ ਨੇ 5, ਗੁਸ ਐਟਕਿੰਸਨ ਨੇ 3 ਤੇ ਜੈਮੀ ਓਵਰਟਨ ਨੇ 2 ਵਿਕਟਾਂ ਲਈਆਂ | ਇੰਗਲੈਂਡ ਦੀ ਦੂਜੀ ਪਾਰੀ ਦੀ ਸ਼ੁਰੂਆਤ ਜੈਕ ਕਰੌਲੀ ਤੇ ਬੇਨ ਡਕੇਟ ਨੇ ਕੀਤੀ | ਇਸ ਦੌਰਾਨ ਭਾਰਤੀ ਗੇਂਦਬਾਜ਼ ਸਿਰਾਜ ਨੇ ਕਰੌਲੀ ਨੂੰ ਪੈਵੇਲੀਅਨ ਭੇਜ ਦਿੱਤਾ | ਇਸ ਦੇ ਨਾਲ ਹੀ ਇੰਗਲੈਂਡ ਨੇ 1 ਵਿਕਟ ਦੇ ਨੁਕਸਾਨ 'ਤੇ 50 ਦੌੜਾਂ ਬਣਾਈਆਂ | ਇੰਗਲੈਂਡ ਨੂੰ ਇਸ ਮੈਚ ਅਤੇ ਲੜੀ 'ਚ ਜਿੱਤ ਲਈ 324 ਦੌੜਾਂ ਦੀ ਜ਼ਰੂਰਤ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ