ਪਾਕਿਸਤਾਨ ਅਦਾਲਤ ਨੇ ਭਾਰਤੀ ਨੌਜਵਾਨ ਨੂੰ ਸੁਣਾਈ ਸਜ਼ਾ, ਗ਼ਲਤੀ ਨਾਲ ਸਰਹੱਦ ਕਰ ਗਿਆ ਸੀ ਪਾਰ

ਜਲਾਲਾਬਾਦ, 2 ਅਗਸਤ (ਪ੍ਰਦੀਪ ਕੁਮਾਰ)- ਭਾਰਤੀ ਨੌਜਵਾਨ ਦੇ ਪਾਕਿਸਤਾਨ ਜਾਣ ਦੇ ਮਾਮਲੇ ਵਿਚ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਨੌਜਵਾਨ ਨੂੰ ਪਾਕਿਸਤਾਨ ਦੀ ਅਦਾਲਤ ਵਲੋਂ ਸਜ਼ਾ ਅਤੇ ਜੁਰਮਾਨੇ ਦੇ ਹੁਕਮ ਸੁਣਾਏ ਗਏ ਹਨ, ਜਿਸ ਦੀ ਜਾਣਕਾਰੀ ਪਰਿਵਾਰ ਵਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ 21 ਜੂਨ ਨੂੰ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖੈਰੇ ਕੇ ਉਤਾੜ ਦਾ ਅੰਮ੍ਰਿਤਪਾਲ ਸਿੰਘ ਜੋ ਕਿ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਖ਼ੇਤੀ ਕਰਨ ਲਈ ਕੰਡਿਆਲੀ ਤਾਰ ਦੇ ਪਾਰ ਗਿਆ ਸੀ ਜੋ ਕਿ ਵਾਪਿਸ ਨਹੀਂ ਮੁੜਿਆ। ਜਦੋਂ ਬੀ.ਐਸ.ਐਫ. ਦੇ ਜਵਾਨਾਂ ਨੇ ਇਲਾਕੇ ਦੀ ਤਲਾਸ਼ੀ ਲਈ ਤਾਂ ਅੰਮ੍ਰਿਤਪਾਲ ਦੇ ਪੈਰਾਂ ਦੀਆਂ ਪੈੜਾਂ ਪਾਕਿਸਤਾਨ ਨੂੰ ਜਾਂਦੀਆਂ ਦਿਖਾਈ ਦਿੱਤੀਆਂ, ਜਿਸ ਤੋਂ ਬਾਅਦ ਪਾਕਿਸਤਾਨ ਦੇ ਰੇਂਜਰਾਂ ਨਾਲ ਬੀ.ਐਸ.ਐਫ. ਵਲੋਂ ਸੰਪਰਕ ਕੀਤਾ ਗਿਆ ਪਰ ਪਾਕਿਸਤਾਨ ਨੇ ਭਾਰਤੀ ਨੌਜਵਾਨ ਦੇ ਉਨ੍ਹਾਂ ਕੋਲ ਨਹੀਂ ਹੋਣ ਦੀ ਗੱਲ ਕਹੀ, ਜਿਸ ਦੇ ਕੁਝ ਦਿਨ ਬਾਅਦ ਪਾਕਿਤਸਾਨ ਦੇ ਰੇਂਜਰਾਂ ਨੇ ਭਾਰਤੀ ਨੌਜਵਾਨ ਦੇ ਪਾਕਿਸਤਾਨ ਦੀ ਪੁਲਿਸ ਕੋਲ ਹੋਣ ਦੀ ਪੁਸ਼ਟੀ ਕੀਤੀ ਸੀ।
ਕੰਗਨਪੁਰ ਥਾਣੇ ਦੀ ਪੁਲਿਸ ਵਲੋਂ ਭਾਰਤੀ ਨੌਜਵਾਨ ਉਤੇ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦਾ ਮਾਮਲਾ ਦਰਜ ਕੀਤਾ ਸੀ, ਜਿਸ ਨੂੰ ਨਾਸਰ ਮਹਿਮੂਦ ਗੋਂਡਲ ਸਿਵਲ ਜੱਜ ਕਲਾਸ 1, ਚੁਨੀਅਨ ਪਾਕਿਤਸਾਨ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਮਾਮਲਾ ਅਦਾਲਤ ਵਿਚ ਚੱਲਿਆ, ਜਿਸ ਦਾ ਫ਼ੈਸਲਾ ਸੁਣਾਉਂਦੇ ਹੋਏ ਪਾਕਿਸਤਾਨ ਦੀ ਅਦਾਲਤ ਨੇ ਨੌਜਵਾਨ ਨੂੰ 1 ਮਹੀਨੇ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ। ਜੇਕਰ ਜੁਰਮਾਨਾ ਨਹੀਂ ਭਰਿਆ ਗਿਆ ਤਾਂ 15 ਦਿਨਾਂ ਦੀ ਵਾਧੂ ਕੈਦ ਕੱਟਣ ਦੇ ਆਦੇਸ਼ ਦਿੱਤੇ ਹਨ। ਹੁਣ ਪਰਿਵਾਰ ਕੇਂਦਰ ਸਰਕਾਰ ਤੋਂ ਨੌਜਵਾਨ ਨੂੰ ਵਾਪਿਸ ਲਿਆਉਣ ਦੀ ਮੰਗ ਕਰ ਰਹੇ ਹਨ।
ਦੂਜੇ ਪਾਸੇ ਪਾਕਿਸਤਾਨੀ ਵਕੀਲ ਰਾਹੀਂ ਉਨ੍ਹਾਂ ਨੂੰ ਬੇਟੇ ਦਾ ਸੁਨੇਹਾ ਵੀ ਮਿਲਿਆ ਹੈ, ਜਿਸ ਵਿਚ ਉਸ ਨੇ ਖ਼ੁਦ ਨੂੰ ਠੀਕ ਦੱਸਿਆ ਹੈ। ਇਸ ਵੇਲੇ ਅੰਮ੍ਰਿਤਪਾਲ ਇਸਲਾਮਾਬਾਦ ਜੇਲ੍ਹ ਵਿਚ ਬੰਦ ਦੱਸਿਆ ਜਾ ਰਿਹਾ ਹੈ। ਇਸ ਫੈਸਲੇ ਨਾਲ ਉਸਦੇ ਪਰਿਵਾਰ ਨੂੰ ਕੁਝ ਰਾਹਤ ਮਿਲੀ ਹੈ ਕਿਉਂਕਿ ਅਦਾਲਤ ਨੇ ਸਬੰਧਿਤ ਅਧਿਕਾਰੀਆਂ ਨੂੰ ਉਸਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸਨੂੰ ਭਾਰਤ ਵਾਪਸ ਭੇਜਣ ਲਈ ਜ਼ਰੂਰੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਨੌਜਵਾਨ ਦੇ ਪਿਤਾ ਜੁਗਰਾਜ ਸਿੰਘ ਨੇ ਕੇਂਦਰ ਸਰਕਾਰ ਤੋਂ ਪਾਕਿਸਤਾਨ ਸਰਕਾਰ ਨਾਲ ਗੱਲ ਕਰਨ ਦੀ ਅਪੀਲ ਕੀਤੀ ਹੈ।