ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਨੇ ਆਪਣੇ ਜੱਦੀ ਪਿੰਡ ਚੰਨਣਵਾਲ ਵਿਖੇ ਦੋ ਏਕੜ ਜ਼ਮੀਨ 'ਚ ਲਾਇਆ ਜੰਗਲ

ਮਹਿਲ ਕਲਾਂ (ਬਰਨਾਲਾ), 26 ਜੁਲਾਈ (ਅਵਤਾਰ ਸਿੰਘ ਅਣਖੀ) - ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਧਰਤੀ ਮਾਂ ਨਾਲ ਪਿਆਰ ਤੇ ਵਾਤਾਵਰਣ ਸੰਭਾਲ ਵੱਲ ਇਕ ਇਤਿਹਾਸਕ ਪਹਿਲ ਕਰਦਿਆਂ ਆਪਣੇ ਜੱਦੀ ਪਿੰਡ ਚੰਨਣਵਾਲ (ਬਰਨਾਲਾ) ਵਿਖੇ ਆਪਣੀ ਜੱਦੀ ਦੋ ਏਕੜ ਜ਼ਮੀਨ 'ਚ ਜੰਗਲ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਵਲੋਂ ਬਣਾਏ ਜਾ ਰਹੇ ਇਸ ਜੰਗਲ ’ਚ ਸੈਂਕੜੇ ਬੂਟੇ ਲਗਾਏ ਗਏ, ਜਿਸ ਰਾਹੀਂ ਉਨ੍ਹਾਂ ਪਰਾਲੀ ਦੀ ਸਮੱਸਿਆ, ਹਵਾ ਪ੍ਰਦੂਸ਼ਣ ਅਤੇ ਹਰੇ-ਭਰੇ ਪੰਜਾਬ ਨੂੰ ਮੁੜ ਸਜਾਉਣ ਦਾ ਸੁਨੇਹਾ ਦਿੱਤਾ ਹੈ। "ਇਕ ਦਰਖਤ, ਇਕ ਜੀਵਨ" ਦਾ ਨਾਅਰਾ ਦਿੰਦਿਆਂ ਸੰਤ ਬਾਬਾ ਘਾਲਾ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧਰਤੀ ਨਾਲ ਪਿਆਰ ਕਰਦੇ ਹੋਏ ਹਰ ਵਿਅਕਤੀ ਨੂੰ ਘੱਟੋ ਘੱਟ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਪਵਿੱਤਰ ਕਾਰਜ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਬਾਬਾ ਟੇਕ ਸਿੰਘ ਧਨੌਲਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਇਕ, ਇਕ ਬੂਟਾ ਲਗਾ ਕੇ ਇਸ ਪਵਿੱਤਰ ਲਹਿਰ ’ਚ ਸਾਂਝ ਪਾਈ। ਇਸ ਮੌਕੇ ਬੋਲਦਿਆਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ, ਇਹ ਚੋਲੇ ਵਾਲੇ ਸੰਤ ਨਹੀਂ, ਵਾਤਾਵਰਨ ਦੇ ਯੋਧੇ ਹਨ। ਜਿਹੜਾ ਕੰਮ ਸਮੇਂ ਸਮੇਂ ਦੀਆਂ ਸਰਕਾਰਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ, ਉਹ ਮਹਾਂਪੁਰਖ ਆਪਣੀ ਦਿਲੀ ਲਗਨ ਮਿਹਨਤ ਨਾਲ ਕਰ ਰਹੇ ਹਨ। ਉਨ੍ਹਾਂ ਪੰਜਾਬ ਦੀ ਮਿੱਟੀ ਨੂੰ ਉਪਜਾਊ ਅਤੇ ਵਿਰਾਸਤੀ ਦੌਲਤ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਮਿੱਟੀ ਨਾਲੋ ਨਾਤਾ ਨਾ ਟੁੱਟਣ ਦਿਓ। ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਣ ਮਹਾਂਉਤਸਵ, ਨਦੀ ਸੰਭਾਲ ਸਕੀਮ ਅਤੇ ਵਿਰਾਸਤ ਮਿਸ਼ਨ ਰਾਹੀਂ ਪਹਿਲਾਂ ਹੀ ਵਾਤਾਵਰਨ ਬਚਾਉਂਦੇ ਉੱਦਮ ਕਰ ਰਹੀ ਹੈ। ਉਨ੍ਹਾਂ ਕਿਹਾ ਜਦੋਂ ਸੰਤ ਜਨ ਅੱਗੇ ਆਉਣ, ਤਾਂ ਲੋਕਾਂ ਦੀ ਭਾਗੀਦਾਰੀ ਆਪਣੇ ਆਪ ਬਣ ਜਾਂਦੀ ਹੈ। ਸੰਤ ਬਾਬਾ ਘਾਲਾ ਸਿੰਘ ਵਲੋਂ ਇਸ ਮੌਕੇ ਵਾਤਾਵਰਨ ਰਾਖਿਆਂ, ਧਾਰਮਿਕ ਸੇਵਾਦਾਰਾਂ, ਅਤੇ ਸਮਾਜ ਸੇਵਕਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।