JALANDHAR WEATHER

ਹਰਿਆਣਾ ਸਿੱਖ ਗੁ: ਪ੍ਰਬੰਧਕ ਕਮੇਟੀ ਵਲੋਂ ਗ੍ਰਹਿ ਵਿਭਾਗ ਹਰਿਆਣਾ ਦੇ ਆਦੇਸ਼ਾਂ ’ਤੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਰੋਕਿਆ

ਅਟਾਰੀ, (ਅੰਮ੍ਰਿਤਸਰ), 22 ਜੁਲਾਈ (ਰਾਜਿੰਦਰ ਸਿੰਘ ਰੂਬੀ)-ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਹਰ ਸਾਲ ਦੀ ਤਰ੍ਹਾਂ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂ ਜਿਨ੍ਹਾਂ ਵਿਚ ਹਰਿਆਣਾ ਸੂਬੇ ਦੇ ਵੀ ਸਿੱਖ ਸ਼ਰਧਾਲੂ ਕੋਟੇ ਅਨੁਸਾਰ ਪਾਕਿਸਤਾਨ ਯਾਤਰਾ ਲਈ ਜਾਂਦੇ ਫਿਲਹਾਲ ਪਾਕਿਸਤਾਨ ਜਾਣ ਵਾਲੇ ਹਰਿਆਣਾ ਸੂਬੇ ਦੇ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਜਾਣ ਲਈ ਪਾਸਪੋਰਟ ਜਮਾ ਕਰਵਾਉਣ ਤੋਂ ਰੋਕਿਆ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਾਤਰਾ ਵਿਭਾਗ ਦੇ ਇੰਚਾਰਜ ਸ. ਹਰਕੀਰਤ ਸਿੰਘ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਪਿਛਲੇ ਦਿਨੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸੂਬੇ ਦੇ ਸਮੂਹ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਹਰਿਆਣਾ ਸੂਬੇ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਪਾਸੋਂ ਪਾਸਪੋਰਟ ਤੇ ਹੋਰ ਦਸਤਾਵੇਜ ਮੰਗੇ ਗਏ ਸਨ, ਜਿਸ ਦੀ ਪ੍ਰਕਿਰਿਆ ਪੂਰੀ ਕਰਦਿਆਂ 150 ਦੇ ਕਰੀਬ ਵੱਖ-ਵੱਖ ਹਰਿਆਣਾ ਸੂਬੇ ਦੇ ਜ਼ਿਲ੍ਹਿਆਂ ਨਾਲ ਸੰਬੰਧਿਤ ਸਿੱਖ ਸ਼ਰਧਾਲੂਆਂ ਦੇ ਪਾਸਪੋਰਟ ਸੰਬੰਧਿਤ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਵਿਖੇ ਜਮਾ ਕਰਵਾਏ ਗਏ ਸਨ।

ਉਨ੍ਹਾਂ ਦੱਸਿਆ ਕਿ ਗੁਰਦੁਆਰਾ ਚੋਣ ਕਮਿਸ਼ਨ ਹਰਿਆਣਾ ਜੋ ਕਿ ਹਰਿਆਣਾ ਗ੍ਰਹਿ ਵਿਭਾਗ ਨਾਲ ਸੰਬੰਧਿਤ ਹੈ, ਇਸ ਵਿਭਾਗ ਵਲੋਂ ਹਰਿਆਣਾ ਦੀਆਂ ਸਿੱਖ ਸੰਗਤਾਂ ਦੇ ਪਾਸਪੋਰਟ ਲੈਣ ਲਈ ਸੰਬੰਧਿਤ ਵਿਭਾਗਾਂ ਨੂੰ ਜਾਰੀ ਕੀਤੇ ਗਏ ਪੱਤਰ ਮਿਤੀ 20-6-2025 ਨੂੰ 17-7- 2025 ਰਾਹੀਂ ਵਾਪਸ ਲੈਂਦਿਆਂ ਹਰਿਆਣਾ ਸੂਬੇ ਵਿਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਇਸ ਵਾਰ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਪਾਸਪੋਰਟ ਜਮਾਂ ਕਰਵਾਉਣ ਦੀ ਪ੍ਰਕਿਰਿਆ ’ਤੇ ਆਉਣ ਵਾਲੇ ਸਮੇਂ ਤੱਕ ਰੋਕ ਲਗਾ ਦਿੱਤੀ ਗਈ ਹੈ।


ਇੱਥੇ ਦੱਸਣ ਯੋਗ ਹੈ ਕਿ ਪਹਿਲਗਾਮ ਜੰਮੂ ਕਸ਼ਮੀਰ ਵਿਖੇ ਭਾਰਤੀ ਸੈਲਾਨੀਆਂ ’ਤੇ ਹੋਏ ਹਮਲੇ ਤੋਂ ਬਾਅਦ ਭਾਰਤ ਸਰਕਾਰ ਵਲੋਂ ਪਾਕਿਸਤਾਨ ਨਾਲ ਹਰੇਕ ਤਰ੍ਹਾਂ ਦੇ ਨਾਤੇ ਤੋੜ ਦਿੱਤੇ ਗਏ ਸਨ, ਜਿਸ ਕਰਕੇ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ, ਜੋ ਕਿ ਜੂਨ ਮਹੀਨੇ ਵਿਚ ਵੀ ਦੋ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਜਾਣੇ ਸਨ, ਉਹਨਾਂ ’ਤੇ ਵੀ ਮੁਕੰਮਲ ਤੌਰ ’ਤੇ ਰੋਕ ਲਗਾ ਦਿੱਤੀ ਗਈ ਸੀ, ਜਿਸ ਕਰਕੇ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਜਾਣ ਵਾਲੇ ਹਰਿਆਣਾ ਸੂਬੇ ਦੇ ਸਿੱਖ ਸ਼ਰਧਾਲੂਆਂ ਦੇ ਪਾਸਪੋਰਟ ਜਮਾ ਕਰਾਉਣ ’ਤੇ ਰੋਕ ਲਗਾ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ