ਦੋ ਕਾਰਾਂ ਦੀ ਹੋਈ ਭਿਆਨਕ ਟੱਕਰ ’ਚ ਇਕ ਨੌਜਵਾਨ ਦੀ ਮੌਤ


ਸੰਗਤ ਮੰਡੀ, (ਬਠਿੰਡਾ), 15 ਜੁਲਾਈ (ਦੀਪਕ ਸ਼ਰਮਾ)- ਬਠਿੰਡਾ ਬਾਦਲ ਰੋਡ ’ਤੇ ਪੈਂਦੇ ਪਿੰਡ ਘੁੱਦਾ ਅਤੇ ਨੰਦਗੜ੍ਹ ਦੇ ਵਿਚਕਾਰ ਬੀਤੀ ਦੇਰ ਰਾਤ ਦੋ ਕਾਰਾਂ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਇਕ ਕਾਰ ਸਵਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੋਂ ਕਾਰਾਂ ਬਠਿੰਡਾ ਤੋਂ ਪਿੰਡ ਬਾਦਲ ਵਾਲੀ ਸਾਈਡ ਜਾ ਰਹੀਆਂ ਸਨ ਤਾਂ ਜਦ ਇਹ ਪਿੰਡ ਘੁੱਦਾ ਤੋਂ ਨੰਦਗੜ੍ਹ ਦੇ ਵਿਚਕਾਰ ਪਹੁੰਚੀਆਂ ਤਾਂ ਇਨ੍ਹਾਂ ਦੀ ਟੱਕਰ ਹੋ ਗਈ, ਜਿਸ ਕਾਰਨ ਵਰਨਾ ਕਾਰ ਪਲਟੀਆਂ ਖਾਂਦੀ ਹੋਈ ਬੁਰੀ ਤਰ੍ਹਾਂ ਹਾਦਸਾ ਗ੍ਰਾਸਤ ਹੋ ਗਈ ਜਦੋਂ ਕਿ ਕਰੂਜ਼ ਕਾਰ ਡਿਵਾਈਡਰ ਦੇ ਉੱਪਰ ਚੜ੍ਹਦੀ ਹੋਈ 25-30 ਫੁੱਟ ਅੱਗੇ ਲੰਘ ਗਈ।
ਇਹ ਕਰੂਜ਼ ਕਾਰ ਸਵਾਰ ਪਿੰਡ ਜੰਗੀਰਾਣਾ ਦੇ ਵਾਸੀ ਦੱਸੇ ਜਾ ਰਹੇ ਹਨ। ਹਾਦਸਾ ਹੋਣ ਦਾ ਕਾਰਨ ਸੜਕ ’ਤੇ ਬਰਸਾਤ ਦਾ ਪਾਣੀ ਖੜਾ ਹੋਣ ਦਾ ਦੱਸਿਆ ਜਾ ਰਿਹਾ ਹੈ। ਥਾਣਾ ਨੰਦਗੜ੍ਹ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਵਰਨਾ ਕਾਰ ਸਵਾਰ ਰਾਜਵੀਰ ਸਿੰਘ ਵਾਸੀ ਅਬੁਲ ਖੁਰਾਣਾ ਦੀ ਮੌਤ ਹੋ ਗਈ ਅਤੇ ਸਾਡੇ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਮ੍ਰਿਤਕ ਦੇ ਵਾਰਸ ਬਿਆਨ ਦਰਜ ਕਰਵਾਉਣਗੇ, ਉਸ ਦੇ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।