ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਬਣਾਇਆ ਕਾਨੂੰਨ ਸ਼ਲਾਘਾਯੋਗ-ਕਰਨੈਲ ਸਿੰਘ ਪੀਰ ਮੁਹੰਮਦ

ਮੱਖੂ, (ਫ਼ਿਰੋਜ਼ਪੁਰ), 15 ਜੁਲਾਈ (ਵਰਿੰਦਰ ਮਨਚੰਦਾ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਬਣਾਏ ਕਾਨੂੰਨ ’ਚ ਸੋਧ ਕਰਕੇ ਸਖ਼ਤ ਕਾਨੂੰਨ ਬਣਾਉਣ ਲਈ ਜੋ ਮਤਾ ਮਾਨ ਸਰਕਾਰ ਵਲੋਂ ਲਿਆਂਦਾ ਗਿਆ ਹੈ, ਇਹ ਸ਼ਲਾਘਾਯੋਗ ਕਦਮ ਤੇ ਇਤਿਹਾਸਕ ਫ਼ੈਸਲਾ ਸਾਬਤ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਮੈਲਬੋਰਨ ਆਸਟ੍ਰੇਲੀਆ ਤੋਂ ਸਾਡੇ ਪ੍ਰਤੀਨਿੱਧ ਨਾਲ ਫ਼ੋਨ ’ਤੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੀ ਲੋੜ ਵੀ ਹੈ ਤੇ ਕਈ ਦਹਾਕਿਆਂ ਤੋਂ ਮੰਗ ਵੀ ਸੀ। ਇਸ ਕਾਨੂੰਨ ਦੇ ਨਾ ਹੋਣ ਕਰਕੇ ਦੇਸ਼ ਵਿਰੋਧੀ ਤਾਕਤਾਂ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ’ਚ ਹਮੇਸ਼ਾ ਕਾਮਯਾਬ ਹੋਈਆਂ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਮਾਨ ਸਰਕਾਰ ਦੇ ਕਾਰਜਕਾਲ ਦਾ ਜਿੱਥੇ ਇਹ ਵੱਡਾ ਇਤਿਹਾਸਕ ਫ਼ੈਸਲਾ ਹੋਵੇਗਾ, ਉਥੇ ਇਹ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸੇਵਾ ਸੰਭਾਲ, ਪ੍ਰਚਾਰ, ਪ੍ਰਸਾਰ, ਭਵਿੱਖੀ ਹੋਂਦ, ਅਮਨ-ਸ਼ਾਂਤੀ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਸਾਂਝੀਵਾਲਤਾ ਦੇ ਮੁਜੱਸਮੇ ਭਾਈਚਾਰਕ ਸਾਂਝ ਨੂੰ ਸੂਤਰਧਾਰ ਰੱਖਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਹੋ ਰਹੇ ਹਮਲਿਆਂ ਨੂੰ ਰੋਕਣ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਵਾਲੀਆਂ ਤਾਕਤਾਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਵੱਡਾ ਮੀਲ ਪੱਥਰ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਮਤੇ ’ਤੇ ਬੜੀ ਬਾਰੀਕੀ ਨਾਲ ਵਿਚਾਰ ਚਰਚਾ ਹੋਵੇ, ਵਿਰੋਧੀ ਧਿਰਾਂ ਵੀ ਆਪਣਾ ਫਰਜ ਅਦਾ ਕਰਨ, ਇੱਧਰ ਉਧਰ ਧਿਆਨ ਨਾ ਕਰਕੇ ਇਕਜੁੱਟ ਸਾਥ ਦੇ ਕੇ ਇਸ ਕਾਨੂੰਨ ਨੂੰ ਨੇਪਰੇ ਚਾੜ੍ਹਨ।