ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਕੀਤਾ ਨਵਾਂ ਬਣਿਆ ਨਿਕਾਸੀ ਨਾਲਾ ਢਹਿ- ਢੇਰੀ

ਲੌਂਗੋਵਾਲ,15 ਜੁਲਾਈ (ਵਿਨੋਦ ਸ਼ਰਮਾ)-ਲੰਘੇ ਦਿਨ ਹੋਈ ਭਰਵੀਂ ਬਰਸਾਤ ਨੇ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪਿਛਲੇ 4 ਦਹਾਕਿਆਂ ਤੋਂ ਬੱਸ ਸਟੈਂਡ ਰੋਡ ਉਤੇ ਭਰਦੇ ਪਾਣੀ ਦਾ ਮਸਲਾ ਅੱਜ ਵੀ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਬਰਸਾਤ ਦੌਰਾਨ ਇਸ ਰੋਡ ਉਤੇ ਭਰਦਾ ਪਾਣੀ ਸਥਾਨਕ ਨਿਵਾਸੀਆਂ ਦੇ ਸਾਹ ਸੂਤ ਕੇ ਰੱਖ ਦਿੰਦਾ ਹੈ। ਭਾਰੀ ਬਾਰਿਸ਼ ਦੁਕਾਨਦਾਰਾਂ ਦੇ ਵੱਡੇ ਨੁਕਸਾਨ ਦਾ ਕਾਰਨ ਬਣਦੀ ਹੈ। ਇਸ ਵਾਰ ਦੀ ਬਰਸਾਤ ਵਿਚ ਲੋਕਾਂ ਦੇ ਫਰਿੱਜ ਤੱਕ ਕਾਗਜ਼ ਦੀਆਂ ਕਿਸ਼ਤੀਆਂ ਵਾਂਗ ਤੈਰਦੇ ਵਿਖਾਈ ਦਿੱਤੇ। ਬਰਸਾਤ ਦਾ ਪਾਣੀ ਦੁਕਾਨਾਂ ਅਤੇ ਘਰਾਂ ਵਿਚ ਵੜ ਕੇ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੰਦਾ ਹੈ। ਬੱਸ ਸਟੈਂਡ ਰੋਡ ਕਿਸੇ ਨਹਿਰ ਦਾ ਭੁਲੇਖਾ ਪਾਉਂਦਾ ਹੈ। ਭਾਵੇਂ ਸ਼ਹਿਰ ਦੇ ਵਿਕਾਸ ਲਈ ਮੰਤਰੀ ਵਲੋਂ ਵੱਡੇ ਪੱਧਰ ਉਤੇ ਗਰਾਂਟਾਂ ਭੇਜੀਆਂ ਜਾ ਰਹੀਆਂ ਹਨ ਅਤੇ ਲੌਂਗੋਵਾਲ ਨਗਰ ਕੌਂਸਲ ਦੀ ਪ੍ਰਧਾਨਗੀ ਉਤੇ ਕਾਬਜ਼ ਬਾਜਵਾ ਜੋੜੀ ਵੀ ਦਿਨ-ਰਾਤ ਵਿਕਾਸ ਕਾਰਜ ਕਰਵਾਉਣ ਲਈ ਯਤਨਸ਼ੀਲ ਰਹਿੰਦੇ ਹਨ।
ਅੱਜ ਦੇ ਮੀਂਹ ਕਾਰਨ ਬੱਸ ਸਟੈਂਡ ਤੋਂ ਡਰੇਨ ਤੱਕ ਬਣਾਏ ਜਾ ਰਹੇ ਨਿਕਾਸੀ ਨਾਲੇ ਦਾ ਅੱਜ ਬਾਰਿਸ਼ ਕਾਰਨ ਕਰੀਬ 50 ਫੁੱਟ ਹਿੱਸਾ ਤਹਿਸ-ਨਹਿਸ ਹੋ ਗਿਆ ਅਤੇ ਹੋਰਨਾਂ ਕਈ ਥਾਵਾਂ ਉਤੇ ਤਰੇੜਾਂ ਵੀ ਆ ਗਈਆਂ। ਬੱਸ ਸਟੈਂਡ ਦੇ ਨੇੜਲੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਇਸ ਨਾਲੇ ਦੀ ਉਸਾਰੀ ਵਿਚ ਮਾੜਾ ਮਟੀਰੀਅਲ ਵਰਤੇ ਜਾਣ ਦੇ ਦੋਸ਼ ਲਗਾਉਂਦਿਆਂ ਜਾਂਚ ਦੀ ਮੰਗ ਕੀਤੀ ਹੈ। ਇਸ ਮੌਕੇ ਡਾਕਟਰ ਦੇਵਿੰਦਰ ਸ਼ਰਮਾ, ਚੰਨੀ ਬਾਂਸਲ, ਸਾਹਿਲ ਸਿੰਗਲਾ ਅਤੇ ਉਗਰ ਸੈਣ ਨੇ ਕਿਹਾ ਕਿ ਇਸ ਨਿਕਾਸੀ ਨਾਲੇ ਦੀ ਉਸਾਰੀ ਦਾ ਨਿਰੀਖਣ ਕਰਨ ਲਈ ਅੱਜ ਤੱਕ ਕੋਈ ਅਧਿਕਾਰੀ ਨਜ਼ਰ ਨਹੀਂ ਆਇਆ, ਜਿਸ ਕਾਰਨ ਠੇਕੇਦਾਰ ਵਲੋਂ ਇਸ ਨਾਲੇ ਦੀ ਉਸਾਰੀ ਨਿਯਮਾਂ ਅਨੁਸਾਰ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਨਿਕਾਸੀ ਨਾਲਾ ਬਣਾਉਣ ਸਮੇਂ ਸੜਕ ਵਾਲੇ ਪਾਸੇ ਲੋੜੀਂਦੀ ਮਿੱਟੀ ਨਹੀਂ ਪਾਈ ਜਾ ਰਹੀ ਅਤੇ ਦੂਜੇ ਪਾਸੇ ਬਣਿਆ ਨਿਕਾਸੀ ਨਾਲਾ ਬੰਦ ਹੋਣ ਕਾਰਨ ਬੱਸ ਸਟੈਂਡ ਦਾ ਪਾਣੀ ਵੀ ਇਥੇ ਹੀ ਆ ਕੇ ਡਿੱਗਦਾ ਹੈ।
ਉਨ੍ਹਾਂ ਕਿਹਾ ਇਸ ਥਾਂ ਤੇ ਪਹਿਲਾਂ ਬਣਾਇਆ ਨਿਕਾਸੀ ਨਾਲਾ ਇਸ ਨਾਲੋਂ ਕਈ ਗੁਣਾ ਮਜ਼ਬੂਤ ਸੀ।ਦੁਕਾਨਦਾਰਾਂ ਨੇ ਕਿਹਾ ਜੇਕਰ ਇਸੇ ਤਰਾਂ ਅਣਗਿਹਲੀ ਜਾਰੀ ਰਹੀ ਤਾਂ ਇਸ ਸੜਕ ਤੇ ਪੈਂਦੀਆਂ ਦੁਕਾਨਾਂ ਅਤੇ ਹੋਰ ਬਿਲਡਿਗਾਂ ਨੂੰ ਵੀ ਨੁਕਸਾਨ ਪੁੱਜ ਸਕਦਾ ਹੈ।ਇਸ ਲਈ ਸਬੰਧਤ ਵਿਭਾਗ ਨੂੰ ਇਸ ਨਾਲੇ ਦੀ ਉਸਾਰੀ ਵਿਚ ਵਰਤੇ ਜਾਂਦੇ ਮਟੀਰੀਅਲ ਦੀ ਜਾਂਚ ਕਰਨੀ ਚਾਹੀਦੀ ਹੈ।ਵਰਨਣਯੋਗ ਹੈ ਕਿ ਇਹ ਨਿਕਾਸੀ ਨਾਲੇ ਲੋਕਾਂ ਦੀ ਮੰਗ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਬਜਾਰ ਅਤੇ ਬੱਸ ਸਟੈਂਡ ਦੇ ਪਾਣੀ ਦੇ ਨਿਕਾਸ ਲਈ ਬਣਾਏ ਗਏ ਹਨ। ਪ੍ਰੰਤੂ ਬਰਸਾਤ ਦੇ ਮੌਸਮ ਦੇ ਬਾਵਜੂਦ ਅਜੇ ਤੱਕ ਚਾਲੂ ਨਹੀਂ ਹੋ ਸਕੇ।
ਕੀ ਕਹਿੰਦੇ ਹਨ ਨਗਰ ਕੌਂਸਲ ਪ੍ਰਧਾਨ
ਇਸ ਸਬੰਧ ਵਿਚ ਜਦ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਿਕਾਸੀ ਨਾਲੇ ਦਾ ਕੰਮ ਪੂਰੀ ਤਰਾਂ ਨਿਯਮਾਂ ਅਨੁਸਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਸਾਈਡਾਂ ਤੋ ਮਿੱਟੀ ਖੁਰਨ ਕਾਰਨ ਨਾਲੇ ਦੀ ਕੰਧ ਡਿੱਗੀ ਹੈ। ਬਰਾੜ ਨੇ ਕਿਹਾ ਕਿ ਫਿਰ ਵੀ ਜੇਕਰ ਕੋਈ ਕਮੀਂ ਪਾਈ ਗਈ ਤਾਂ ਉਸ ਨੂੰ ਨਾ ਸਿਰਫ ਦੂਰ ਕੀਤਾ ਜਾਵੇਗਾ ਸਗੋਂ ਅਨਗਹਿਲੀ ਵਰਤਣ ਲਈ ਜੋ ਵੀ ਜ਼ਿੰਮੇਵਾਰ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ।
ਤਸਵੀਰ - ਬਰਸਾਤ ਦੇ ਪਾਣੀ ਵਿੱਚ ਤੈਰਦਾ ਹੋਇਆ ਕਿਸੇ ਦੁਕਾਨਦਾਰ ਦ ਫਰਿੱਜ ਅਤੇ ਤਹਿਸ ਨਹਿਸ ਹੋਇਆ ਨਿਕਾਸੀ ਨਾਲਾ ਅਤੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ। ਤਸਵੀਰ - ਵਿਨੋਦ।