ਪੰਜਾਬੀ ਫਿਲਮ 'ਸਰਬਾਲਾ ਜੀ' ਦੀ ਸਟਾਰ ਕਾਸਟ ਪੁੱਜੀ ਲੌਂਗੋਵਾਲ

ਲੌਂਗੋਵਾਲ,15 ਜੁਲਾਈ (ਵਿਨੋਦ, ਸ. ਖੰਨਾ)-18 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਮੂਵੀ "ਸਰਬਾਲਾ ਜੀ" ਦੀ ਪ੍ਰਮੋਸ਼ਨ ਲਈ ਅੱਜ ਮੂਵੀ ਦੇ ਪ੍ਰਮੁੱਖ ਸਿਤਾਰੇ ਗਿੱਪੀ ਗਰੇਵਾਲ, ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਲੌਂਗੋਵਾਲ ਦੇ ਪਿੰਡ ਢਿੱਲਵਾਂ ਵਿਖੇ ਕਾਮੇਡੀ ਅਤੇ ਫਿਲਮੀ ਅਦਾਕਾਰ ਧੂਤੇ ਦੇ ਘਰ ਪੁੱਜੇ। ਇਸ ਮੌਕੇ ਐਮੀ ਵਿਰਕ ਅਤੇ ਗਿੱਪੀ ਗਰੇਵਾਲ ਨੇ ਪ੍ਰਮੋਸ਼ਨ ਦੌਰਾਨ ਪੰਜਾਬ ਦੇ ਲੋਕਾਂ ਵਲੋਂ ਦਿੱਤੇ ਜਾ ਰਹੇ ਪਿਆਰ ਲਈ ਪੰਜਾਬੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਥੇ ਆ ਕੇ ਸਾਨੂੰ ਅੱਜ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਧੂਤੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਧੂਤਾ ਬਿਹਤਰੀਨ ਮਿਹਨਤੀ ਕਲਾਕਾਰ ਅਤੇ ਨੇਕ ਸੁਭਾਅ ਦਾ ਪਿਆਰਾ ਇਨਸਾਨ ਹੈ। ਉਨ੍ਹਾਂ ਕਿਹਾ ਕਿ ਹੁਣ ਧੂਤੇ ਦੇ ਘਰ ਹਰ 15 ਦਿਨ ਬਾਅਦ ਨਵੇਂ-ਨਵੇਂ ਫਿਲਮੀ ਸਟਾਰ ਪੁੱਜਿਆ ਕਰਨਗੇ। ਉਨ੍ਹਾਂ ਮੂਵੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਗਿੱਪੀ ਅਤੇ ਐਮੀ ਤੋਂ ਇਲਾਵਾ ਸਰਗੁਣ ਮਹਿਤਾ ਅਤੇ ਨਿਰਮਤ ਖਹਿਰਾ ਦੀ ਇਕ ਝਲਕ ਪਾਉਣ ਲਈ ਪ੍ਰਸ਼ੰਸਕ ਭਾਰੀ ਬਾਰਿਸ਼ ਦੀ ਪ੍ਰਵਾਹ ਕੀਤੇ ਬਿਨਾਂ ਧੂਤੇ ਘਰ ਦੇ ਬਾਹਰ ਖੜ੍ਹੇ ਰਹੇ। ਇਸ ਮੌਕੇ ਮਹਿਲਾ ਅਤੇ ਮਰਦ ਪੁਲਿਸ ਮੁਲਾਜ਼ਮ ਭਾਰੀ ਗਿਣਤੀ ਵਿਚ ਤਾਇਨਾਤ ਕੀਤੇ ਗਏ ਪਰ ਜਿਵੇਂ ਹੀ ਟੀਮ ਦੀਆਂ ਗੱਡੀਆਂ ਪੁੱਜੀਆਂ ਤਾਂ ਲੋਕਾਂ ਦੇ ਹਜ਼ੂਮ ਨੂੰ ਕੰਟਰੋਲ ਕਰਨਾ ਵੀ ਔਖਾ ਹੋ ਗਿਆ।
ਲੌਂਗੋਵਾਲ ਦੇ ਪਿੰਡੀ ਢਿੱਲਵਾਂ ਦੇ ਵਸਨੀਕ ਮਿਸਤਰੀ ਬਲਦੇਵ ਸਿੰਘ ਠੇਕੇਦਾਰ ਦਾ ਪੁੱਤਰ ਸੁਖਵਿੰਦਰ ਸਿੰਘ ਉਰਫ ਧੂਤਾ ਸਕੂਲੀ ਸਮੇਂ ਤੋਂ ਹੀ ਗਾਇਕੀ ਵਿਚ ਸ਼ੌਕ ਰੱਖਣ ਵਾਲਾ ਨਕਲਚੀ ਕਲਾਕਾਰ ਸੀ। ਸੋਸ਼ਲ ਮੀਡੀਆ ਉਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਮਿਕਰੀ ਅਤੇ ਮਾਲਦਾਰ ਛੜਾ ਦੀ ਪੇਸ਼ਕਾਰੀ ਤੋਂ ਬਾਅਦ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਧੂਤੇ ਨੂੰ ਕਾਮੇਡੀ ਕਰਦੇ-ਕਰਦੇ ਦਲਜੀਤ ਦੋਸਾਂਝ ਦੀ ਫਿਲਮ ਜੱਟ ਐਂਡ ਜੁਲੀਅਟ 3 ਵਿਚ ਦਲਜੀਤ ਦੇ ਸਾਥੀ ਹੌਲਦਾਰ ਦਾ ਕਿਰਦਾਰ ਮਿਲਿਆ ਜੋ ਕਿ ਉਸ ਨੇ ਬਾਖੂਬੀ ਅਦਾ ਕੀਤਾ ਅਤੇ ਹੁਣ ਪੰਜਾਬੀ ਮੂਵੀ "ਸਰਬਾਲਾ ਜੀ" ਵਿਚ ਫੁੱਫੜ ਦੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ।