ਪ੍ਰਸਿੱਧ ਅਦਾਕਾਰਾ ਬੀ. ਸਰੋਜਾ ਦੇਵੀ ਦਾ ਦਿਹਾਂਤ, 200 ਤੋਂ ਵੱਧ ਕੀਤੀਆਂ ਫਿਲਮਾਂ
ਚੇਨਈ, 14 ਜੁਲਾਈ - ਤਮਿਲ ਸਿਨੇਮਾ ਦੀ ਦਿੱਗਜ ਅਦਾਕਾਰਾ ਬੀ. ਸਰੋਜਾ ਦੇਵੀ ਹੁਣ ਸਾਡੇ ਵਿਚਕਾਰ ਨਹੀਂ ਰਹੇ । ਬੀ. ਸਰੋਜਾ ਦੇਵੀ ਨੇ 87 ਸਾਲ ਦੀ ਉਮਰ ਵਿਚ ਆਖਰੀ ਸਾਹ ਲਿਆ। ਸਰੋਜਾ ਦੇਵੀ ਦੇ ਦਿਹਾਂਤ ਨਾਲ ਇੰਡਸਟਰੀ ਸੋਗ 'ਚ ਹੈ । ਬੀ. ਸਰੋਜਾ ਦੇਵੀ ਦਾ ਫ਼ਿਲਮੀ ਕਰੀਅਰ ਬਹੁਤ ਲੰਮਾ ਰਿਹਾ ਅਤੇ ਇਸ ਦੌਰਾਨ ਉਨ੍ਹਾਂ ਨੇ 200 ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ। ਸਰੋਜਾ ਦੇਵੀ ਨੇ 17 ਸਾਲ ਦੀ ਉਮਰ ਵਿਚ ਆਪਣਾ ਕਰੀਅਰ ਸ਼ੁਰੂ ਕੀਤਾ।
ਛੋਟੀ ਉਮਰ ਵਿਚ ਆਪਣਾ ਫਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਸਰੋਜਾ ਨੇ ਸਖ਼ਤ ਮਿਹਨਤ ਕੀਤੀ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ। ਸਰੋਜਾ ਦੇਵੀ ਦੱਖਣੀ ਸਿਨੇਮਾ ਦੀਆਂ ਪ੍ਰਸਿੱਧ ਅਭਿਨੇਤਰੀਆਂ ਵਿਚੋਂ ਇਕ ਸੀ।
ਸਰੋਜਾ ਦੇਵੀ ਨੇ 1959 'ਚ ਬਾਲੀਵੁੱਡ 'ਚ ਡੈਬਿਊ ਕੀਤਾ ਸੀ।ਸਰੋਜਾ ਨੂੰ ਦਿਲੀਪ ਕੁਮਾਰ ਨਾਲ ਫ਼ਿਲਮ 'ਪੈਗ਼ਾਮ ' 'ਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਬੇਟੀ ਬੇਟੇ', 'ਸਸੁਰਾਲ', 'ਪਿਆਰ ਕਿਆ ਤੋ ਡਰਨਾ ਕਯਾ' ਵਰਗੀਆਂ ਫਿਲਮਾਂ 'ਚ ਆਪਣਾ ਹੁਨਰ ਦਿਖਾਇਆ। ਦਿਲੀਪ ਕੁਮਾਰ ਹੀ ਨਹੀਂ, ਉਹ ਸੁਨੀਲ ਦੱਤ, ਸ਼ੰਮੀ ਕਪੂਰ, ਰਾਜ ਕਪੂਰ ਵਰਗੇ ਮਸ਼ਹੂਰ ਸਿਤਾਰਿਆਂ ਨਾਲ ਵੀ ਕੰਮ ਕਰ ਚੁੱਕੇ ਹਨ ।