ਪਿੰਡ ਲਲੀਨਾ ਵਿਖੇ ਇਨਕਮ ਟੈਕਸ ਵਲੋਂ ਛਾਪੇਮਾਰੀ

ਸਨੌਰ, 14 ਜੁਲਾਈ (ਗੀਤਵਿੰਦਰ ਸਿੰਘ ਸੋਖਲ)-ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਦੇ ਪਿੰਡ ਲਲੀਨਾ ’ਚ ਚੰਡੀਗੜ੍ਹ ਤੋਂ ਇਕ ਵੱਡੇ ਕਾਫ਼ਿਲੇ ’ਚ 7 ਤੋਂ 8 ਟੈਕਸੀਆਂ ’ਚ ਪਹੁੰਚੀ ਪੁਲਿਸ ਪਾਰਟੀ ਵਲੋਂ ਕਸ਼ਮੀਰ ਸਿੰਘ ਨਾਂਅ ਦੇ ਵਿਅਕਤੀ ਦੇ ਘਰ ਛਾਪੇਮਾਰੀ ਦੀ ਖ਼ਬਰ ਸਾਹਮਣੇ ਆਈ ਹੈ। ਇਹ ਛਾਪੇਮਾਰੀ ਕੁਝ ਦਿਨ ਪਹਿਲਾਂ ਸੇਵਾ-ਮੁਕਤ ਹੋਏ ਕਸ਼ਮੀਰ ਸਿੰਘ ਜੋ ਕਿ ਸਰਹਿੰਦ (ਫ਼ਤਿਹਗੜ੍ਹ ਸਾਹਿਬ) ਦੇ ਕੋਆਪ੍ਰੇਟਿਵ ਬੈਂਕ ’ਚ ਮੈਨੇਜਰ ਵਜੋਂ ਤਾਇਨਾਤ ਰਹੇ ਸਨ, ਦੀ ਪਿੰਡ ਲਲੀਨਾ ਰਿਹਾਇਸ਼ ਵਿਖੇ ਰੇਡ ਸਵੇਰੇ 6 ਵਜੇ ਦੇ ਕਰੀਬ ਕੀਤੀ ਗਈ।
ਇਨਕਮ ਟੈਕਸ ਅਧਿਕਾਰੀਆਂ ਵਲੋਂ ਕੀਤੀ ਛਾਪੇਮਾਰੀ ਕਾਰਨ ਅੱਜ ਸਵੇਰੇ ਤੋਂ ਹੀ ਪਿੰਡ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸੂਤਰਾਂ ਅਨੁਸਾਰ ਇਹ ਛਾਪੇਮਾਰੀ ਇਨਕਮ ਟੈਕਸ ਵਿਭਾਗ ਵਲੋਂ ਕੀਤੀ ਗਈ ਹੈ। ਇਸ ਮੌਕੇ ਕਸ਼ਮੀਰ ਸਿੰਘ ਦੇ ਘਰ ਦੇ ਚੁਫੇਰੇ ਗੱਡੀਆਂ ਖੜ੍ਹੀਆਂ ਦਿਖਾਈ ਦਿੱਤੀਆਂ। ਜਾਣਕਾਰੀ ਅਨੁਸਾਰ ਇਸ ਛਾਪੇਮਾਰੀ ਨੂੰ ਗੁਪਤ ਰੱਖਿਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਛਾਪੇਮਾਰੀ ਨੂੰ ਚੱਲਦੇ 14 ਘੰਟੇ ਹੋ ਗਏ ਸਨ। ਸੂਤਰਾਂ ਅਨੁਸਾਰ ਹਾਲੇ ਕੁਝ ਨਹੀਂ ਪਤਾ ਕਿ ਕਦੋਂ ਤੱਕ ਇਹ ਰੇਡ ਜਾਰੀ ਰਹੇਗੀ।