ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 17 ਤੋਂ 19 ਸਤੰਬਰ ਤੱਕ ਬਰਤਾਨੀਆ ਦੌਰਾ ਕਰਨਗੇ

ਲੰਡਨ, 14 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 17 ਤੋਂ 19 ਸਤੰਬਰ ਤੱਕ ਬਰਤਾਨੀਆ ਦਾ ਦੌਰਾ ਕਰਨਗੇ। ਇਸ ਦੌਰਾਨ ਮਹਾਰਾਜਾ ਚਾਰਲਸ ਤੀਜੇ ਅਤੇ ਰਾਣੀ ਕੈਮਿਲਾ 'ਵਿੰਡਸਰ ਕਾਸਲ' ਵਿਖੇ ਉਨ੍ਹਾਂ ਦੀ ਮੇਜ਼ਬਾਨੀ ਕਰਨਗੇ। 'ਬਕਿੰਘਮ ਪੈਲੇਸ' ਨੇ ਇਸ ਦੀ ਪੁਸ਼ਟੀ ਕੀਤੀ ਹੈ। ਤਿੰਨ ਦਿਨਾਂ ਦੇ ਦੌਰੇ ਦੌਰਾਨ ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਹੋਣਗੇ।
ਟਰੰਪ ਨੇ ਇਸ ਤੋਂ ਪਹਿਲਾਂ 2019 ਵਿਚ ਆਪਣੇ ਪਹਿਲੇ ਕਾਰਜਕਾਲ ਦੌਰਾਨ ਬਰਤਾਨੀਆ ਦਾ ਰਾਜਸੀ ਦੌਰਾ ਕੀਤਾ ਸੀ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਨੂੰ ਦੂਜੀ ਰਾਜ ਫੇਰੀ ਲਈ ਸੱਦਾ ਦਿੱਤਾ ਗਿਆ ਹੈ। ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਫਰਵਰੀ ਵਿਚ 'ਵ੍ਹਾਈਟ ਹਾਊਸ' ਵਿਖੇ ਹੋਈ ਇਕ ਮੀਟਿੰਗ ਦੌਰਾਨ ਮਹਾਰਾਜਾ ਵਲੋਂ ਦੂਜੀ ਰਾਜ ਫੇਰੀ ਲਈ ਸੱਦਾ ਸੌਂਪਿਆ ਸੀ। ਕੀਰ ਸਟਾਰਮਰ ਟਰੰਪ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਬਰਤਾਨੀਆ 'ਤੇ ਉਨ੍ਹਾਂ ਦੀਆਂ ਕੁਝ ਨੀਤੀਆਂ ਦੇ ਪ੍ਰਭਾਵ ਨੂੰ ਘਟਾਉਣਾ ਚਾਹੁੰਦੇ ਹਨ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਟਰੰਪ ਦਾ ਦੌਰਾ ਉਨ੍ਹਾਂ ਯਤਨਾਂ ਦਾ ਹਿੱਸਾ ਹੈ।
ਪਹਿਲਾਂ ਵੀ ਟਰੰਪ ਅਤੇ ਸਟਾਰਮਰ ਵਿਚਕਾਰ ਸਬੰਧ ਚੰਗੇ ਜਾਪਦੇ ਹਨ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਬਰਤਾਨੀਆ ਨੂੰ ਦੂਜੇ ਦੇਸ਼ਾਂ 'ਤੇ ਲਗਾਏ ਜਾ ਰਹੇ ਵੱਡੇ ਅਮਰੀਕੀ ਟੈਰਿਫਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਹਾਲਾਂਕਿ ਮਹਾਰਾਜਾ ਚਾਰਲਸ ਲਈ ਕੁਝ ਚੁਣੌਤੀਆਂ ਹਨ ਕਿਉਂਕਿ ਉਹ ਬਰਤਾਨੀਆ ਅਤੇ ਕੈਨੇਡਾ ਦੋਵਾਂ ਦੇਸ਼ਾਂ ਦੇ ਮੁਖੀ ਹਨ ਅਤੇ ਟਰੰਪ ਨੇ ਸੁਝਾਅ ਦਿੱਤਾ ਸੀ ਕਿ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਇਆ ਜਾਣਾ ਚਾਹੀਦਾ ਹੈ। ਮਈ ਵਿਚ ਕੈਨੇਡੀਅਨ ਸੰਸਦ ਨੂੰ ਸੰਬੋਧਨ ਕਰਦੇ ਹੋਏ ਮਹਾਰਾਜਾ ਨੇ ਕੈਨੇਡਾ ਦੀ ''ਵੱਖਰੀ ਪਛਾਣ'' ਅਤੇ ''ਪ੍ਰਭੂਸੱਤਾ'' ਨੂੰ ਪ੍ਰਮੁੱਖਤਾ ਨਾਲ ਰੇਖਾਂਕਿਤ ਕੀਤਾ ਸੀ।