ਕਰਨਾਲ ਨੇ ਪਸ਼ੂ ਪਾਲਣ ਤੇ ਦੁੱਧ ਉਤਪਾਦਨ ਦੀ ਦੁਨੀਆ 'ਚ ਰਚਿਆ ਇਤਿਹਾਸ, ਪਹਿਲੀ ਵਾਰ ਕਲੋਨਿੰਗ ਤਕਨਾਲੋਜੀ ਰਾਹੀਂ ਸਿਹਤਮੰਦ ਵੱਛੀ ਨੂੰ ਦਿੱਤਾ ਜਨਮ

ਕਰਨਾਲ, 14 ਜੁਲਾਈ (ਗੁਰਮੀਤ ਸਿੰਘ ਸੱਗੂ)-ਰਾਸ਼ਟਰੀ ਡੇਅਰੀ ਖੋਜ ਸੰਸਥਾਨ (ਐਨ.ਡੀ.ਆਰ.ਆਈ.) ਕਰਨਾਲ ਨੇ ਪਸ਼ੂ ਪਾਲਣ ਅਤੇ ਦੁੱਧ ਉਤਪਾਦਨ ਦੀ ਦੁਨੀਆ ਵਿਚ ਇਤਿਹਾਸ ਰਚ ਦਿੱਤਾ ਹੈ। ਪਹਿਲੀ ਵਾਰ ਕਲੋਨਿੰਗ ਤਕਨਾਲੋਜੀ ਰਾਹੀਂ ਤਿਆਰ ਕੀਤੀ ਗਈ ਗਾਂ ‘ਗੰਗਾ’ ਦੇ ਅੰਡਿਆਂ ਰਾਹੀਂ ਦੂਜੇ ਮਾਦਾ ਪਸ਼ੂ ਨੇ ਇਕ ਸਿਹਤਮੰਦ ਵੱਛੀ ਨੂੰ ਜਨਮ ਦਿੱਤਾ ਹੈ। ਇਸ ਕਾਮਯਾਬੀ ਨੇ ਪਸ਼ੂ ਪ੍ਰਜਨਨ ਵਿਚ ਮਲਟੀਪਲੀਕੇਸ਼ਨ (ਇਕੋ ਉੱਚ ਨਸਲ ਵਾਲੀ ਗਾਂ ਤੋਂ ਕਈ ਪਸ਼ੂ ਤਿਆਰ ਕਰਨ) ਦਾ ਰਸਤਾ ਖੋਲ੍ਹ ਦਿੱਤਾ ਹੈ। ਹੁਣ ਇਕ ਗਾਂ ਦੇ ਗੁਣਾਂ ਨੂੰ ਦਰਜਨਾਂ ਨਵੇਂ ਪਸ਼ੂਆਂ ਵਿਚ ਦੁਹਰਾਇਆ ਜਾ ਸਕੇਗਾ, ਜਿਸ ਨਾਲ ਨਾ ਸਿਰਫ਼ ਦੁੱਧ ਉਤਪਾਦਨ ਵਧੇਗਾ, ਸਗੋਂ ਚੰਗੀਆਂ ਨਸਲਾਂ ਦੀ ਇਕ ਕ੍ਰਾਂਤੀ ਵੀ ਆਵੇਗੀ।
ਇਹ ਕਾਮਯਾਬੀ ਭਵਿੱਖ ਦੀ ਡੇਅਰੀ ਇੰਡਸਟਰੀ ਦੀ ਤਸਵੀਰ ਬਦਲ ਸਕਦੀ ਹੈ। ਐਨ.ਡੀ.ਆਰ.ਆਈ. ਦੇ ਨਿਰਦੇਸ਼ਕ ਡਾ. ਧੀਰ ਸਿੰਘ ਨੇ ਸੰਸਥਾਨ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਤਕਨਾਲੋਜੀ ਪਹਿਲਾਂ ਦੀ ਤੁਲਨਾ ਵਿਚ ਕਾਫੀ ਅਗੇਤ, ਤੇਜ਼ ਅਤੇ ਨੈਤਿਕ ਤੌਰ ਉਤੇ ਵੀ ਸੁਰੱਖਿਅਤ ਹੈ। ਜਿਥੇ ਪਹਿਲਾਂ ਇਕ ਮਾਦਾ ਪਸ਼ੂ ਤੋਂ ਇਕੋ ਵੱਛਾ ਹੋ ਸਕਦਾ ਸੀ, ਹੁਣ ਕਲੋਨਿੰਗ ਤਕਨਾਲੋਜੀ ਨਾਲ ਉਨ੍ਹਾਂ ਦੇ ਅੰਡਿਆਂ ਤੋਂ ਕਈ ਪਸ਼ੂ ਤਿਆਰ ਹੋ ਸਕਦੇ ਹਨ। ਇੰਨਾ ਹੀ ਨਹੀਂ, ਇਸ ਪ੍ਰਕਿਰਿਆ ਵਿਚ ਸਮਾਂ ਵੀ ਕਾਫੀ ਘੱਟ ਲੱਗਦਾ ਹੈ। ਜਿਥੇ ਆਮ ਤੌਰ ’ਤੇ ਇਹ ਕੰਮ 48 ਮਹੀਨੇ ਲੈਂਦਾ ਸੀ, ਉਥੇ ਵਿਗਿਆਨੀਆਂ ਨੇ ਇਹ 36 ਤੋਂ 38 ਮਹੀਨਿਆਂ ਵਿਚ ਹੀ ਪੂਰਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਾਰਚ 2023 ਵਿਚ ਸੰਸਥਾਨ ਵਲੋਂ ਵਿਕਸਿਤ ਕੀਤੀ ਗਈ ਕਲੋਨ ਗਾਂ ‘ਗੰਗਾ’ ਹੁਣ ਪੂਰੀ ਤਰ੍ਹਾਂ ਮੈਚਿਊਰ ਹੋ ਚੁੱਕੀ ਹੈ। ਡਾ. ਧੀਰ ਸਿੰਘ ਨੇ ਦੱਸਿਆ ਕਿ ਅਸੀਂ ਗੰਗਾ ਤੋਂ ਅੰਡੇ ਲੈ ਕੇ ਉਨ੍ਹਾਂ ਨੂੰ ਲੈਬ ਵਿਚ ਦੂਜੇ ਮਾਦਾ ਪਸ਼ੂਆਂ ਦੇ ਗਰਭ ਵਿਚ ਟ੍ਰਾਂਸਫਰ ਕੀਤਾ ਸੀ। ਇਨ੍ਹਾਂ ਵਿਚੋਂ ਇਕ ਮਾਦਾ ਨੇ ਹਾਲ ਹੀ ਵਿਚ ਇਕ ਸਿਹਤਮੰਦ ਵੱਛੀ ਨੂੰ ਜਨਮ ਦਿੱਤਾ ਹੈ।
ਇਹ ਪ੍ਰਜਨਨ ਬਿਨਾਂ ਕਿਸੇ ਸਲਾਟਰਿੰਗ ਦੇ ਸੰਭਵ ਹੋਇਆ ਹੈ, ਯਾਨੀ ਕਿ ਅੰਡੇ ਜ਼ਿੰਦਾ ਗਾਂ ਤੋਂ ਹੀ ਲਏ ਗਏ ਤੇ ਉਨ੍ਹਾਂ ਨੂੰ ਲੈਬ ਵਿਚ ਪਕਾ ਕੇ ਦੂਜੇ ਪਸ਼ੂਆਂ ਵਿਚ ਲਾਇਆ ਗਿਆ। ਇਸ ਵੱਛੀ ਦਾ ਨਾਂਅ ਹੁਣ ਤੱਕ ਨਹੀਂ ਰੱਖਿਆ ਗਿਆ ਪਰ ਸੰਸਥਾਨ ਨੇ ਕਿਹਾ ਹੈ ਕਿ ਜਲਦੀ ਹੀ ਇਸਦਾ ਨਾਂਅ ਰੱਖਿਆ ਜਾਵੇਗਾ। ਇਸ ਕਾਮਯਾਬੀ ’ਤੇ ਡਾ. ਧੀਰ ਸਿੰਘ ਨੇ ਸੰਸਥਾਨ ਦੇ ਸਾਰੇ ਡੇਅਰੀ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਤਕਨਾਲੋਜੀ ਭਵਿੱਖ ਵਿਚ ਬਹੁਤ ਲਾਭਕਾਰੀ ਸਾਬਤ ਹੋਵੇਗੀ। ਇਸ ਨਾਲ ਜਿਥੇ ਪਸ਼ੂ ਪਾਲਕਾਂ ਨੂੰ ਆਰਥਿਕ ਤੌਰ ਉਤੇ ਲਾਭ ਹੋਵੇਗਾ, ਉਥੇ ਹੀ ਦੁੱਧ ਉਤਪਾਦਨ ਵਿਚ ਦੇਸ਼ ਆਤਮ-ਨਿਰਭਰਤਾ ਵੱਲ ਤੇਜ਼ੀ ਨਾਲ ਵਧ ਸਕੇਗਾ। ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਆਈ. ਦੀ ਇਹ ਉਪਲਬਧੀ ਸਿਰਫ਼ ਦੇਸ਼ ਹੀ ਨਹੀਂ, ਸਗੋਂ ਵਿਸ਼ਵ ਪੱਧਰ ’ਤੇ ਵੀ ਵਿਗਿਆਨੀਆਂ ਦਾ ਧਿਆਨ ਕੇਂਦਰਿਤ ਕਰ ਰਹੀ ਹੈ। ਕਲੋਨਿੰਗ ਦੇ ਖੇਤਰ ਵਿਚ ਭਾਰਤ ਪਹਿਲਾਂ ਹੀ ਕਾਫੀ ਅੱਗੇ ਨਿਕਲ ਚੁੱਕਾ ਹੈ ਤੇ ਹੁਣ ਮਲਟੀਪਲੀਕੇਸ਼ਨ ਤਕਨਾਲੋਜੀ ਨੇ ਇਸ ਯਾਤਰਾ ਨੂੰ ਨਵੀਂ ਦਿਸ਼ਾ ਦੇ ਦਿੱਤੀ ਹੈ। ਇਸ ਨਾਲ ਭਾਰਤ ਵਿਚ ਪਸ਼ੂਧਨ ਦੀ ਗੁਣਵੱਤਾ ਵਿਚ ਇਜ਼ਾਫਾ ਹੋਵੇਗਾ ਅਤੇ ਦੁੱਧ ਦੀ ਮੰਗ ਨੂੰ ਪੂਰਾ ਕਰਨ ਵਿਚ ਇਹ ਤਕਨਾਲੋਜੀ ਸਹਾਇਕ ਸਾਬਤ ਹੋਵੇਗੀ। ਡਾ. ਧੀਰ ਸਿੰਘ ਨੇ ਕਿਹਾ ਕਿ ਇਹ ਪ੍ਰਯੋਗ ਹੁਣ ਤੱਕ ਸੀਮਤ ਪੱਧਰ ਉਤੇ ਕੀਤਾ ਗਿਆ ਹੈ ਪਰ ਜਲਦੀ ਹੀ ਇਸਨੂੰ ਵੱਡੇ ਪੱਧਰ ’ਤੇ ਲਾਗੂ ਕੀਤਾ ਜਾਵੇਗਾ। ਸੰਸਥਾਨ ਦੇ ਵਿਗਿਆਨੀਆਂ ਦੀ ਟੀਮ ਇਸ ਦਿਸ਼ਾ ਵਿਚ ਨਿਰੰਤਰ ਕੰਮ ਕਰ ਰਹੀ ਹੈ ਤਾਂ ਜੋ ਹਰ ਪਸ਼ੂਪਾਲਕ ਤੱਕ ਇਹ ਤਕਨਾਲੋਜੀ ਪਹੁੰਚੇ ਅਤੇ ਉਨ੍ਹਾਂ ਨੂੰ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਇਹ ਕਾਮਯਾਬੀ ਭਾਰਤ ਨੂੰ ਡੇਅਰੀ ਵਿਗਿਆਨ ਦੀ ਦੁਨੀਆ ਵਿਚ ਨਵੀਆਂ ਉਚਾਈਆਂ ’ਤੇ ਲਿਜਾਣ ਵਾਲੀ ਇਕ ਮੀਲ ਦਾ ਪੱਥਰ ਸਾਬਤ ਹੋ ਸਕਦੀ ਹੈ।