5 ਕਰੋੜ ਦੀ ਹੈਰੋਇਨ ਸਮੇਤ 2 ਸਕੇ ਭਰਾ ਕਾਬੂ, ਮਾਮਲਾ ਦਰਜ

ਅਜਨਾਲਾ, (ਅੰਮ੍ਰਿਤਸਰ), 10 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ. ਮਨਿੰਦਰ ਸਿੰਘ ਆਈ.ਪੀ.ਐਸ. ਦੀਆਂ ਹਦਾਇਤਾਂ ਅਤੇ ਡੀ.ਐਸ.ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਿਲ ਕਰਦਿਆਂ 2 ਸਕੇ ਭਰਾਵਾਂ ਨੂੰ 5 ਕਰੋੜ ਰੁਪਏ ਮੁੱਲ ਦੀ ਲਗਭਗ 1 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ।
‘ਅਜੀਤ’ ਨਾਲ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਅਜਨਾਲਾ ਦੇ ਐਸ.ਐਚ.ਓ. ਇੰਸਪੈਕਟਰ ਮੁਖਤਿਆਰ ਨੇ ਦੱਸਿਆ ਕਿ ਮੁਖ਼ਬਰ ਵਲੋਂ ਦਿੱਤੀ ਸੂਚਨਾ ਤਹਿਤ ਨਾਕਾਬੰਦੀ ਕਰਕੇ ਇਕ ਕਿਲੋ ਹੈਰੋਇਨ ਸਮੇਤ ਦੋ ਸਕੇ ਭਰਾਵਾਂ ਨੂੰ ਕਾਬੂ ਕੀਤਾ ਗਿਆ ਹੈ, ਜਿੰਨ੍ਹਾਂ ਦੀ ਪਛਾਣ ਗੁਰਮੇਜ਼ ਸਿੰਘ ਉਰਫ਼ ਗੇਜਾ ਅਤੇ ਸੁਖਦੀਪ ਸਿੰਘ ਉਰਫ਼ ਸੁੱਖ ਪੁੱਤਰ ਸੁਖਦੇਵ ਸਿੰਘ ਵਾਸੀ ਅਕਾਲਗੜ੍ਹ ਢੱਪਈਆਂ ਥਾਣਾ ਜੰਡਿਆਲਾ ਗੁਰੂ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਖਿਲਾਫ਼ ਥਾਣਾ ਅਜਨਾਲਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਜ ਇਨ੍ਹਾਂ ਨੂੰ ਅਦਾਲਤ ਵਿਚ ਵੀ ਪੇਸ਼ ਕੀਤਾ ਜਾਵੇਗਾ।