ਪੰਜਾਬ ਪੁਲਿਸ ਅਤੇ ਵਿਜੀਲੈਂਸ ਦੀ ਟੀਮ ਵਲੋਂ ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ ਦੇ ਘਰ ਛਾਪੇਮਾਰੀ
ਚੋਹਲਾ ਸਾਹਿਬ, (ਅੰਮ੍ਰਿਤਸਰ), 2 ਜੁਲਾਈ (ਬਲਵਿੰਦਰ ਸਿੰਘ)- ਸਾਬਕਾ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਜੋ ਲਗਭਗ ਪਿਛਲੇ ਇਕ ਹਫ਼ਤੇ ਤੋਂ ਵਿਜੀਲੈਂਸ ਟੀਮ ਦੀ ਹਿਰਾਸਤ ਵਿਚ ਹਨ, ਜਿਸ ਤਹਿਤ ਅਕਾਲੀ ਆਗੂਆਂ ਦੇ ਵਰਕਰਾਂ ਵਲੋਂ ਅੱਜ ਮੁਹਾਲੀ ਵਿਖੇ ਬਿਕਰਮ ਸਿੰਘ ਮਜੀਠੀਆ ਨਾਲ ਇਕਜੁੱਟਤਾ ਦਾ ਸਬੂਤ ਦੇਣ ਲਈ ਮੁਹਾਲੀ ਲਈ ਕੂਚ ਕਰਨ ਦਾ ਪ੍ਰੋਗਰਾਮ ਬਣਾਇਆ ਸੀ।ਅਕਾਲੀ ਆਗੂਆਂ ਤੇ ਵਰਕਰਾਂ ਨੂੰ ਮੁਹਾਲੀ ਜਾਣ ਤੋਂ ਰੋਕਣ ਦੇ ਮਕਸਦ ਨਾਲ, ਪੰਜਾਬ ਪੁਲਿਸ ਵਲੋਂ ਉਨ੍ਹਾਂ ਨੂੰ ਘਰਾਂ ਵਿਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ ਦੇ ਛੋਟੇ ਭਰਾ ਸਾਬਕਾ ਸਰਪੰਚ ਇੰਦਰਜੀਤ ਸਿੰਘ ਕਰਮੂਵਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਤੜਕਸਾਰ ਲਗਭਗ 5 ਵਜੇ ਦੇ ਕਰੀਬ ਵਿਜੀਲੈਂਸ ਅਤੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੀ ਟੀਮ ਵਲੋਂ ਕਾਰਵਾਈ ਕਰਦਿਆਂ ਉਨ੍ਹਾਂ ਦੇ ਘਰ ਦੀ ਘੇਰਾਬੰਦੀ ਕੀਤੀ ਅਤੇ ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ ਨੂੰ ਹਿਰਾਸਤ ਵਿਚ ਲੈਣ ਲਈ ਪੇਸ਼ਕਸ਼ ਕੀਤੀ। ਉਨ੍ਹਾਂ ਦੱਸਿਆ ਕਿ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਦੱਸ ਦਿੱਤਾ ਕਿ ਜਥੇਦਾਰ ਕਰਮੂਵਾਲਾ ਅੱਜ ਤੜਕੇ ਹੀ ਮੁਹਾਲੀ ਲਈ ਰਵਾਨਾ ਹੋ ਚੁੱਕੇ ਹਨ। ਜਿਸ ਤੋਂ ਬਾਅਦ ਕੁਝ ਘੰਟੇ ਉਥੇ ਠਹਿਰਣ ਤੋਂ ਬਾਅਦ ਪੁਲਿਸ ਪਾਰਟੀ ਵਾਪਸ ਚਲੀ ਗਈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਅਕਾਲੀ ਆਗੂ ਅਤੇ ਵਰਕਰ ਇਸ ਦਮਨਕਾਰੀ ਕਾਰਵਾਈਆਂ ਤੋਂ ਕਦੇ ਨਹੀਂ ਘਬਰਾਉਣਗੇ ਅਤੇ ਡਟ ਕੇ ਸਰਕਾਰ ਦੀ ਇਸ ਕੋਝੀ ਕਾਰਵਾਈ ਦੀ ਨਿੰਦਾ ਕਰਨਗੇ।