ਹਿਮਾਚਲ ਵਿਚ ਬੱਦਲ ਫਟਣ ਅਤੇ ਅਚਾਨਕ ਹੜ੍ਹਾਂ ਨੇ ਤਬਾਹੀ ਮਚਾਈ: 5 ਮੌਤਾਂ, 16 ਲਾਪਤਾ ਤੇ 332 ਨੂੰ ਬਚਾਇਆ

ਸ਼ਿਮਲਾ (ਹਿਮਾਚਲ ਪ੍ਰਦੇਸ਼) ,1 ਜੁਲਾਈ - ਮਾਨਸੂਨ ਦੀ ਬਾਰਿਸ਼ ਨੇ ਹਿਮਾਚਲ ਪ੍ਰਦੇਸ਼ ਵਿਚ ਤਬਾਹੀ ਮਚਾ ਦਿੱਤੀ ਹੈ। ਮੰਡੀ ਜ਼ਿਲ੍ਹੇ ਵਿਚ 10 ਥਾਵਾਂ ਅਤੇ ਕਿਨੌਰ ਵਿਚ ਇਕ ਥਾਂ 'ਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਕਾਰਨ ਜਾਨ-ਮਾਲ ਦਾ ਕਾਫ਼ੀ ਨੁਕਸਾਨ ਹੋਇਆ ਹੈ। ਮੰਡੀ ਦੇ ਗੋਹਰ, ਕਾਰਸੋਗ ਅਤੇ ਧਰਮਪੁਰ ਖੇਤਰਾਂ ਵਿਚ 4 ਲੋਕਾਂ ਦੀ ਜਾਨ ਚਲੀ ਗਈ। ਪੁਰਾਣੀ ਮਾਰਕੀਟ ਕਾਰਸੋਗ ਅਤੇ ਧਰਮਪੁਰ ਵਿਚ ਇਕ-ਇਕ ਮੌਤ ਦੀ ਖ਼ਬਰ ਹੈ, ਜਦੋਂ ਕਿ ਗੋਹਰ ਵਿਚ 2 ਮੌਤਾਂ ਹੋਈਆਂ। ਮੰਡੀ ਦੇ ਵੱਖ-ਵੱਖ ਹਿੱਸਿਆਂ ਵਿਚ 16 ਲਾਪਤਾ ਹਨ ਅਤੇ ਬਚਾਅ ਕਾਰਜ ਜਾਰੀ ਹਨ। ਇਸ ਮੌਕੇ 'ਤੇ 332 ਲੋਕਾਂ ਨੂੰ ਬਚਾਇਆ ਗਿਆ ਹੈ। ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਅਨੁਸਾਰ, ਰਕਛਮ (ਕਿਨੌਰ), ਥੁਨਾਗ (ਮੰਡੀ), ਕੁੱਟੀ ਬਾਈਪਾਸ ਅਤੇ ਪੁਰਾਣਾ ਬਾਜ਼ਾਰ (ਕਰਸੋਗ), ਰਿੱਕੀ (ਕਰਸੋਗ), ਸਿਆੰਜ, ਬੱਸੀ, ਤਲਵਾੜਾ (ਗੋਹਰ), ਸਿਆਥੀ ਅਤੇ ਭਦਰਾਨਾ (ਧਰਮਪੁਰ) ਵਿਚ ਬੱਦਲ ਫਟਣ ਦੀ ਸੂਚਨਾ ਮਿਲੀ ਹੈ।