ਪੁਲਿਸ ਹਿਰਾਸਤ 'ਚ 75 ਸਾਲਾ ਬਜ਼ੁਰਗ ਦੀ ਮੌਤ
ਸਨੌਰ, 28 ਜੂਨ (ਗੀਤਵਿੰਦਰ ਸਿੰਘ ਸੋਖਲ)-ਥਾਣਾ ਸਨੌਰ ਵਿਚ ਇਕ 75 ਸਾਲ ਦੇ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਜਵਾਈ ਤੇਜੀ ਨੇ 'ਅਜੀਤ' ਨਾਲ ਫੋਨ ਉਤੇ ਗੱਲਬਾਤ ਕਰਦਿਆਂ ਕਿਹਾ ਕਿ ਮ੍ਰਿਤਕ ਦਾ ਨਾਮ ਕਰਮਜੀਤ ਸਿੰਘ 75 ਸੀ ਜੋ ਕਿ ਸੰਗਰੂਰ ਦਾ ਰਹਿਣ ਵਾਲਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ 3 ਪਲਾਟ ਹਨ, ਜੋ ਕਿ ਕਰਮਜੀਤ ਸਿੰਘ ਤੇ ਇਨ੍ਹਾਂ ਦੀ ਪਤਨੀ ਦੇ ਨਾਮ ਹਨ, ਜਿਸ ਮਾਮਲੇ ਦਾ ਸੰਗਰੂਰ ਕੋਰਟ ਵਿਚ ਕੇਸ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਥਾਣਾ ਸਨੌਰ ਦੀ ਪੁਲਿਸ ਵਲੋਂ 25 ਤਰੀਕ ਨੂੰ ਕਰਮਜੀਤ ਸਿੰਘ ਨੂੰ ਸੰਗਰੂਰ ਤੋਂ ਲੈ ਕੇ ਆਇਆ ਗਿਆ ਸੀ। ਪੀੜਤਾਂ ਨੇ ਦੱਸਿਆ ਕਿ ਸਨੌਰ ਪੁਲਿਸ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਵੀ ਕਰ ਰਹੀ ਸੀ ਅਤੇ ਉਨ੍ਹਾਂ ਕਿਹਾ ਕਿ ਕਰਮਜੀਤ ਸਿੰਘ ਨੂੰ ਕੋਰਟ ਪੇਸ਼ ਕੀਤਾ ਗਿਆ ਅਤੇ ਕੋਰਟ ਵਿਚ ਪੁਲਿਸ ਵਲੋਂ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਪੁਲਿਸ ਵਲੋਂ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਸਨੌਰ ਪੁਲਿਸ ਵਲੋਂ ਇਕ ਦਿਨ ਦੀ ਹੋਰ ਰਿਮਾਂਡ ਕੋਰਟ ਵਲੋਂ ਮੰਗੀ ਗਈ, ਜਿਸ ਵਿਚ ਬੀਤੀ ਰਾਤ ਉਨ੍ਹਾਂ ਦੀ ਮੌਤ ਹੋ ਗਈ। ਪੀੜਤਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਰਮਜੀਤ ਸਿੰਘ ਇਕ ਸ਼ੂਗਰ ਦਾ ਮਰੀਜ਼ ਸੀ, ਜਿਸਨੂੰ ਪਿਛਲੇ 3 ਦਿਨਾਂ ਤੋਂ ਦਵਾਈ ਵੀ ਨਹੀਂ ਦਿੱਤੀ ਜਾ ਰਹੀ ਸੀ। ਅਖੀਰ ਵਿਚ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ।