ਜਥੇਦਾਰ ਗੜਗੱਜ ਵਲੋਂ ਨਿਊਜ਼ੀਲੈਂਡ ਦੀਆਂ ਗੁਰਦੁਆਰਾ ਕਮੇਟੀਆਂ ਨਾਲ ਏਕਤਾ, ਮਰਯਾਦਾ ਅਤੇ ਭਵਿੱਖੀ ਤਰਜੀਹਾਂ ਬਾਰੇ ਵਿਚਾਰ-ਵਟਾਂਦਰਾ
ਅੰਮ੍ਰਿਤਸਰ, 22 ਅਪ੍ਰੈਲ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਊਜ਼ੀਲੈਂਡ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ, ਪਾਪਾਟੋਏਟੋਏ, ਔਕਲੈਂਡ ਵਿਚ ਗੁਰਦੁਆਰਾ ਪ੍ਰਬੰਧ, ਮਰਿਆਦਾ, ਏਕਤਾ, ਸਮੱਸਿਆਵਾਂ ਅਤੇ ਹੋਰ ਜ਼ਰੂਰੀ ਵਿਸ਼ਿਆਂ ’ਤੇ ਲੰਬੀ ਵਿਚਾਰ ਚਰਚਾ ਕੀਤੀ। ਜਥੇਦਾਰ ਗੜਗੱਜ ਦੇ ਨਿਰਦੇਸ਼ਾਂ ਤਹਿਤ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਉੱਦਮ ਸਦਕਾ ਹੋਈ ਇਸ ਇਕੱਤਰਤਾ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਸਿੰਘ ਸਾਹਿਬ ਪਾਸੋਂ ਸਵਾਲ ਜਵਾਬ, ਸੁਝਾਵਾਂ ਅਤੇ ਭਵਿੱਖੀ ਮੰਗਾਂ ਤਰਜ਼ੀਹਾਂ ਨਿਰਧਾਰਤ ਕਰਨ ਦੇ ਰੂਪ ਵਿਚ ਵਿਚਾਰ ਚਰਚਾ ਕੀਤੀ।
ਜਥੇਦਾਰ ਗੜਗੱਜ ਨੇ ਆਪਣੇ ਵਿਚਾਰ ਰੱਖਣ ਵਾਲੇ ਜਾਂ ਸਵਾਲ ਕਰਨ ਵਾਲੇ ਹਰ ਗੁਰੂ ਘਰ ਦੇ ਨੁਮਾਇੰਦੇ ਦੀ ਗੱਲ ਗੌਰ ਨਾਲ ਸੁਣੀ ਅਤੇ ਉਨ੍ਹਾਂ ਨੂੰ ਗੁਰਮਤਿ ਸਿਧਾਂਤਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਦੀ ਰੋਸ਼ਨੀ ਵਿਚ ਤਸੱਲੀਬਖ਼ਸ਼ ਜਵਾਬ ਦਿੱਤੇ। ਪ੍ਰਬੰਧਕਾਂ ਵਲੋਂ ਨੌਜਵਾਨਾਂ ਨੂੰ ਕਿੱਤਾਮੁਖੀ ਪੜ੍ਹਾਈ ਨਾਲ ਜੋੜਣ, ਕੌਮ ਵਿਚ ਏਕਤਾ, ਸਿੱਖ ਸਾਹਿਤ ਅਤੇ ਧਰਮ ਪ੍ਰਚਾਰ ਸੰਬੰਧੀ ਚੰਗੇ ਵਿਚਾਰ ਰੱਖੇ ਗਏ, ਜਿਨ੍ਹਾਂ ਨੂੰ ਮੌਕੇ ’ਤੇ ਹੀ ਅਗਲੀ ਲੋੜੀਂਦੀ ਕਾਰਵਾਈ ਲਈ ਨੋਟ ਕੀਤਾ ਗਿਆ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਗੱਲ ਦੀ ਤਸੱਲੀ ਪ੍ਰਗਟਾਈ ਕਿ ਨਿਊਜ਼ੀਲੈਂਡ ਦੇ ਤਕਰੀਬਨ ਸਾਰੇ ਗੁਰੂ ਘਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਅਤੇ ਜ਼ਾਬਤੇ ਨਾਲ ਇਕਮੁੱਠ ਹਨ। ਉਨ੍ਹਾਂ ਪ੍ਰੇਰਣਾ ਕੀਤੀ ਕਿ ਅਗਾਂਹ ਵੀ ਨਿਊਜ਼ੀਲੈਂਡ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਸਿੱਖੀ ਪ੍ਰਚਾਰ ਪ੍ਰਸਾਰ, ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਕੇ ਰੱਖਣ, ਮਨੁੱਖਤਾ ਦੀ ਭਲਾਈ ਤੇ ਲੋੜਵੰਦ ਸਿੱਖ ਪਰਿਵਾਰਾਂ ਦੀ ਮਦਦ ਲਈ ਚੜ੍ਹਦੀ ਕਲਾ ਨਾਲ ਕਾਰਜ ਜਾਰੀ ਰੱਖਣ।
;
;
;
;
;
;
;
;
;