ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਬਾਰੇ ਸੰਤ ਸੀਚੇਵਾਲ ਨੇ ਅਧਿਕਾਰੀਆਂ ਨਾਲ ਕੀਤੀ ਉਚੇਚੀ ਮੀਟਿੰਗ
ਸੁਲਤਾਨਪੁਰ ਲੋਧੀ (ਕਪੂਰਥਲਾ), 27 ਮਾਰਚ (ਥਿੰਦ) ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਉਚੇਚੀ ਮੀਟਿੰਗ ਕੀਤੀ।ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਇਤਿਹਾਸਕ ਨਗਰੀ ਵਜੋਂ ਜਾਣੇ ਜਾਂਦੇ ਸੁਲਤਾਨਪੁਰ ਲੋਧੀ ਵਿਚਲੇ ਗੁਰੂ ਘਰਾਂ ਦੇ ਦਰਸ਼ਨਾਂ ਲਈ ਸੰਗਤਾਂ ਵੱਡੀ ਗਿਣਤੀ ਵਿਚ ਦੇਸ਼ ਵਿਦੇਸ਼ ਤੋਂ ਆਉਂਦੀਆਂ ਹਨ। ਇਸ ਦੇ ਮੱਦੇਨਜ਼ਰ ਇਹ ਸ਼ਹਿਰ ਸਫ਼ਾਈ ਅਤੇ ਸੁੰਦਰਤਾ ਪੱਖ ਤੋਂ ਮੋਹਰੀ ਹੋਣਾ ਚਾਹੀਦਾ ਹੈ।ਇਸ ਮੌਕੇ ਮੀਟਿੰਗ ਵਿਚ ਐਸਡੀਐਮ ਅੰਮ੍ਰਿਤਪਾਲ ਸਿੰਘ, ਡੀਐਸਪੀ ਧਰੇਂਦਰ ਵਰਮਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਜਤਿੰਦਰ ਸੋਨੀ ਅਤੇ ਕਾਰਜ ਸਾਧਕ ਅਫ਼ਸਰ ਬਲਜੀਤ ਸਿੰਘ ਹਾਜ਼ਰ ਸਨ।ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸਾਲ 2019 ਵਿੱਚ ਸੁਲਤਾਨਪੁਰ ਲੋਧੀ ਸ਼ਹਿਰ ਨੂੰ ਸਮਾਰਟ ਸਿਟੀ ਐਲਾਨਿਆ ਸੀ ਤੇ ਵੱਖ-ਵੱਖ ਵਿਕਾਸ ਕਾਰਜਾਂ ‘ਤੇ 240 ਕਰੋੜ ਦੀ ਰਕਮ ਖਰਚ ਕੀਤੀ ਜਾਣੀ ਸੀ। ਇਨ੍ਹਾਂ ਪ੍ਰੋਜੈਕਟਾਂ ਵਿਚ ਪਵਿੱਤਰ ਕਾਲੀ ਵੇਈਂ ਦੀ ਸਾਫ਼ ਸਫਾਈ ਅਤੇ ਸੁੰਦਰਤਾ ‘ਤੇ 46 ਕਰੋੜ ਦੀ ਰਕਮ ਖਰਚੀ ਜਾਣੀ ਸੀ।ਮੀਟਿੰਗ ਦੌਰਾਨ ਸੁਲਤਾਨਪੁਰ ਲੋਧੀ ਸ਼ਹਿਰ ਦੇ ਅੰਦਰੂਨੀ ਹਿੱਸੇ ਦੀ ਪਿਛਲੇ ਤਿੰਨ ਸਾਲ ਤੋਂ ਪੁਟ ਪਟਾਈ ਕੀਤੇ ਜਾਣ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਚਰਚਾ ਕੀਤੀ ਗਈ। ਕਾਰਜ ਸਾਧਕ ਅਫਸਰ ਬਲਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਆਉਂਦੇ ਕੁਝ ਦਿਨਾਂ ਵਿਚ ਹੀ ਸ਼ਹਿਰ ਦੀਆਂ ਅੰਦਰ ਵਾਲੀਆਂ ਸੜਕਾਂ ਦੀ ਮੁਰੰੰਮਤ ਕਰਵਾ ਦਿੱਤੀ ਜਾਵੇਗੀ।ਸੰਤ ਸੀਚੇਵਾਲ ਨੇ ਡੀਐਸਪੀ ਧੀਰੇਂਦਰ ਵਰਮਾ ਦੇ ਧਿਆਨ ਵਿਚ ਲਿਆਂਦਾ ਕਿ ਸ਼ਹਿਰ ਵਿਚ ਅਪਰਾਧਿਕ ਵਰਦਾਤਾਂ ਵੱਧ ਰਹੀਆਂ ਹਨ। ਸੰਗਤ ਗੁਰੂ ਘਰਾਂ ਵਿਚ ਮੱਥਾ ਟੇਕਣ ਜਾਂਦੀ ਤਾਂ ਵਾਪਸੀ ਦੌਰਾਨ ਉਨ੍ਹਾਂ ਦੇ ਮੋਟਰ ਸਾਈਕਲ ਚੁੱਕੇ ਜਾਂਦੇ ਹਨ। ਮੋਟਰ ਸਾਈਕਲ ਚੋਰੀ ਹੋਣ ਦਾ ਵਰਤਾਰਾ ਆਮ ਹੋਣ ਕਾਰਨ ਲੋਕ ਡਾਢੇ ਪ੍ਰੇਸ਼ਾਨ ਦੱਸੇ ਜਾ ਰਹੇ ਹਨ। ਸਮਾਰਟ ਸਿਟੀ ਪ੍ਰੋਜੈਕਟ ਵਿਚ ਸਾਰੇ ਸ਼ਹਿਰ ਵਿਚ ਸੀਸੀਟੀਵੀ ਕੈਮਰੇ ਵੀ ਲਾਏ ਜਾਣੇ ਸਨ ਤਾਂ ਜੋ ਅਪਰਾਧੀਆਂ ‘ਤੇ ਨਜ਼ਰਾਂ ਰੱਖੀਆਂ ਜਾ ਸਕਣ।ਪਵਿੱਤਰ ਵੇਈਂ ਕਿਨਾਰੇ ਸਮਾਜ ਵਿਰੋਧੀ ਅਨਸਰਾਂ ਦੀਆਂ ਵਧ ਰਹੀਆਂ ਗਤੀਵਿਧੀਆਂ ਚਿੰਤਾਜਨਕ ਹਨ।
ਸੰਤ ਸੀਚੇਵਾਲ ਨੇ ਦੱਸਿਆ ਕਿ ਪਵਿੱਤਰ ਵੇਈਂ ‘ਤੇ ਸੀਸੀਟੀਵੀ ਕੈਮਰੇ ਜਲਦੀ ਲਗਵਾਏ ਜਾਣਗੇ ਤਾਂ ਜੋ ਅਜਿਹੇ ਅਨਸਰਾਂ ‘ਤੇ ਨਜ਼ਰਾਂ ਰੱਖੀਆਂ ਜਾ ਸਕਣ। ਪਵਿੱਤਰ ਵੇਈਂ ਜਿੱਥੇ ਸ਼ਰਧਾ ਤੇ ਸਤਿਕਾਰ ਦੀ ਪ੍ਰਤੀਕ ਹੈ, ਉਥੇ ਇਹ ਵੇਈਂ ਪੰਜਾਬ ਦੀ ਇੱਕ ਵੱਡੀ ਸੈਰਗਾਹ ਵਜੋਂ ਵੀ ਉਭਾਰੀ ਹੈ। ਲੋਕ ਇਸ ਦੇ ਕਿਨਾਰਿਆਂ ‘ਤੇ ਸਵੇਰੇ-ਸ਼ਾਮ ਸੈਰ ਕਰਦੇ ਹਨ ਤੇ ਆਪਣੇ ਆਪ ਨੂੰ ਕੁਦਰਤ ਨਾਲ ਜੋੜ ਕੇ ਵੀ ਦੇਖਦੇ ਹਨ ਅਤੇ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਚੇਤਨਾ ਵੀ ਵਧੀ ਹੈ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਦੇ ਧਿਆਨ ਵਿਚ ਲਿਆਂਦਾ ਕਿ ਵਿਸਾਖੀ ਦਾ ਤਿਉਹਾਰ ਨੇੜੇ ਆ ਰਿਹਾ ਹੈ। ਪਵਿੱਤਰ ਵੇਈਂ ਵਿਚ ਜਿੱਥੋਂ ਜਿੱਥੋਂ ਵੀ ਗੰਦਾ ਪਾਣੀ ਪੈ ਰਿਹਾ ਹੈ ਉਸ ਨੂੰ ਰੋਕਿਆ ਜਾਵੇ।
;
;
;
;
;
;
;
;
;