ਗਗਨਦੀਪ ਸਿੰਘ ਰੰਧਾਵਾ ਦੀ ਯਾਦ ਵਿਚ ਡੈਨੀ ਬੰਡਾਲਾ ਦੀ ਅਗਵਾਈ ਹੇਠ ਕੈਂਡਲ ਮਾਰਚ
ਜੰਡਿਆਲਾ ਗੁਰੂ, 23 ਮਾਰਚ (ਪ੍ਰਮਿੰਦਰ ਸਿੰਘ ਜੋਸਨ ) -ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ਦੇ ਰੋਸ ਵਜੋਂ ਅੱਜ ਸ਼ਾਮ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ ਜੰਡਿਆਲਾ ਗੁਰੂ ਸ਼ਹਿਰ ਵਿਚ ਕੈਂਡਲ ਮਾਰਚ ਕੀਤਾ ਅਤੇ ਗਗਨਦੀਪ ਸਿੰਘ ਰੰਧਾਵਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਗਿਰਫਤਾਰ ਕੀਤੇ ਗਏ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਆਮ ਆਦਮੀ ਪਾਰਟੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਤੋਂ ਪਹਿਲਾਂ ਜੰਡਿਆਲਾ ਗੁਰੂ ਦੇ ਲੋਕਲ ਬੱਸ ਸਟੈਂਡ ਉਤੇ ਜੁੜੇ ਕਾਂਗਰਸੀ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੰਤਰੀ ਲਾਲਜੀਤ ਸਿੰਘ ਭੁੱਲਰ ਦੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਹੋਇਆ ਇਕ ਪੜ੍ਹਿਆ-ਲਿਖਿਆ, ਇਮਾਨਦਾਰ ਅਧਿਕਾਰੀ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਗਿਆ, ਕਿਉਂਕਿ ਇਸ ਦਰਿੰਦੇ ਮੰਤਰੀ ਨੇ ਕਾਬਲ ਅਫਸਰ ਨੂੰ ਘਰ ਬੁਲਾ ਕੇ ਨਿਰਵਸਤਰ ਕਰਕੇ ਆਪਣੇ ਗੁੰਡਿਆਂ ਨਾਲ ਮਿਲ ਕੇ ਕੁੱਟਮਾਰ ਕੀਤੀ ਅਤੇ ਜਾਅਲੀ ਵੀਡੀਓ ਤਿਆਰ ਕੀਤੀ ਅਤੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਹ ਇਮਾਨਦਾਰ ਅਫਸਰ ਗ੍ਰਿਫਤਾਰ ਕੀਤੇ ਮੰਤਰੀ ਅਤੇ ਇਸ ਦੇ ਗੁੰਡਿਆਂ ਦੀਆਂ ਧਮਕੀਆਂ ਕਰਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਗਿਆ । ਉਨ੍ਹਾਂ ਨੇ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਅਤੇ ਪੀ. ਏ. ਅਤੇ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰਨ ਦੀ ਪੁਰਜ਼ੋਰ ਮੰਗ ਕੀਤੀ।
;
;
;
;
;
;
;