ਮਜਾਰਾ ਨੌਂ ਅਬਾਦ ਪੁੱਜੇ ਵਿੱਤ ਮੰਤਰੀ ਹਰਪਾਲ ਚੀਮਾ, ਕਮੇਟੀ ਨਾਲ ਬੈਠ ਕੇ ਸਾਰੇ ਸ਼ੰਕੇ ਕੀਤੇ ਦੂਰ
ਨਵਾਂਸ਼ਹਿਰ, 19 ਜਨਵਰੀ ( ਜਸਬੀਰ ਸਿੰਘ ਨੂਰਪੁਰ)-ਪਿੰਡ ਮਜਾਰਾ ਨੌਂ ਆਬਾਦ ਦੇ ਪਾਵਨ ਅਸਥਾਨ ਰਸੋਖਾਨਾ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਚੱਲ ਰਹੇ ਪਾਵਨ ਸਰੂਪਾਂ ਦਾ ਮਾਮਲਾ ਉਸ ਸਮੇਂ ਸੁਲਝਿਆ, ਜਦੋਂ ਇਥੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਪੁੱਜੇ। ਉਨ੍ਹਾਂ ਵਲੋਂ ਕਮੇਟੀ ਨਾਲ ਮੀਟਿੰਗ ਕੀਤੀ ਗਈ ਅਤੇ ਪਿਛਲੇ ਦਿਨਾਂ ਤੋਂ ਮੁੱਖ ਮੰਤਰੀ ਦੇ ਬਿਆਨ ’ਤੇ ਪਾਵਨ ਸਰੂਪਾਂ ਸਬੰਧੀ ਚੱਲ ਰਹੇ ਵਿਵਾਦ ਦੇ ਸ਼ੰਕੇ ਦੂਰ ਕੀਤੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਮੀਟਿੰਗ ਦੌਰਾਨ ਇਹ ਭਰੋਸਾ ਦਿੱਤਾ ਗਿਆ ਹੈ ਕਿ ਕਿਸੇ ਵੀ ਮੈਂਬਰ ’ਤੇ ਕੋਈ ਵੀ ਮਾਮਲਾ ਦਰਜ ਨਹੀਂ ਹੈ। ਦਰਬਾਰ ’ਚ ਸਾਰੇ ਪਾਵਨ ਸਰੂਪ ਸਹੀ ਪਾਏ ਗਏ ਹਨ। ਉਨ੍ਹਾਂ ਦਾ ਸਿਟ (ਐਸਆਈਟੀ) ਦੀ ਜਾਂਚ ਨਾਲ ਕੋਈ ਸੰਬੰਧ ਨਹੀਂ।
ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਹੋਣ ਸੰਬੰਧੀ ਸਾਰੀ ਸੰਗਤ ’ਚ ਬਹੁਤ ਹੀ ਬੇਚੈਨੀ ਪਾਈ ਗਈ ਸੀ ਕਿ ਉਹ 328 ਸਰੂਪ ਲੱਭੇ ਜਾਣ। ਭਗਵੰਤ ਮਾਨ, ਸਰਕਾਰ ਦੁਆਰਾ ਇੱਥੇ ਰਸੋਖਾਨਾ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸਥਾਨ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ 169 ਪਾਵਨ ਸਰੂਪਾਂ ਬਾਰੇ ਦੱਸਿਆ ਗਿਆ, ਜਿਸ ’ਤੇ ਮੁੱਖ ਮੰਤਰੀ ਵਲੋਂ ਬਿਆਨ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਦੇਖਿਆ ਗਿਆ ਕਿ ਇੱਥੇ ਕੋਈ ਵੀ ਪਾਵਨ ਸਰੂਪ ਗਲਤ ਨਹੀਂ ਪਾਇਆ ਗਿਆ। ਨਾ ਹੀ ਕਮੇਟੀ ਉੱਤੇ ਕੋਈ ਮੁਕੱਦਮਾ ਦਰਜ ਕੀਤਾ ਗਿਆ ਅਤੇ ਸਾਰਾ ਰਿਕਾਰਡ ਵੀ ਦਰੁਸਤ ਪਾਇਆ ਗਿਆ। ਉਨ੍ਹਾਂ ਆਖਿਆ ਕਿ ਇਸ ਸੰਬੰਧੀ ਕਮੇਟੀ ਨਾਲ ਮੀਟਿੰਗ ਕੀਤੀ ਗਈ ਅਤੇ ਸਾਰੇ ਸ਼ੰਕੇ ਦੂਰ ਕੀਤੇ ਗਏ । ਉਨ੍ਹਾਂ ਆਖਿਆ ਕਿ ਅਸੀਂ ਇਸ ਮਾਮਲੇ ਵਿਚ ਸੰਗਤਾਂ ਨੂੰ ਪੁੱਜੀ ਠੇਸ ਪ੍ਰਤੀ ਖਿਮਾ ਜਾਚਨਾ ਕਰਦੇ ਹਾਂ। ਉਨ੍ਹਾਂ ਆਖਿਆ ਕਿ ਸਾਡੀ ਸਾਰਿਆਂ ਦੀ ਆਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਸਥਾ ਰੱਖਦੇ ਹਨ, ਅਤੇ ਸਾਡਾ ਕਿਸੇ ਵੀ ਧਾਰਮਿਕ ਸਥਾਨ ਨਾਲ ਕੋਈ ਵਿਰੋਧ ਨਹੀਂ ਹੈ। ਇਸ ਮੌਕੇ ਤੇ ਉਨ੍ਹਾਂ ਨਾਲ ਕੁਲਜੀਤ ਸਿੰਘ ਸਰਹਾਲ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ, ਰੌਬੀ ਕੰਗ ਸੀਨੀਅਰ ਆਗੂ ਆਮ ਆਦਮੀ ਪਾਰਟੀ ਪੰਜਾਬ, ਹਰਜੋਤ ਕੌਰ ਲੋਹਟੀਆ ਆਦਿ ਹਾਜ਼ਰ ਸਨ।
;
;
;
;
;
;
;