ਭੋਗਪੁਰ ਨੇੜੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਣ ’ਤੇ ਪਰਿਵਾਰਕ ਮੈਂਬਰਾਂ ਵਲੋਂ ਥਾਣਾ ਭੋਗਪੁਰ ਸਾਹਮਣੇ ਧਰਨਾ
ਭੋਗਪੁਰ, 17 ਜਨਵਰੀ (ਕਮਲਜੀਤ ਸਿੰਘ ਡੱਲੀ)- ਭੋਗਪੁਰ ਨੇੜੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਣ ’ਤੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਥਾਣਾ ਭੋਗਪੁਰ ਸਾਹਮਣੇ ਜਲੰਧਰ-ਪਠਾਨਕੋਟ ਰੋਡ ਉੱਪਰ ਜਾਮ ਲਗਾ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਆਰੀਅਨ (17) ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਗੇਹਲੜਾ ਥਾਣਾ ਭੋਗਪੁਰ ਅਤੇ ਅਰਸ਼ (17) ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਭੂੰਦੀਆਂ ਥਾਣਾ ਭੋਗਪੁਰ ਦੀਆਂ ਲਾਸ਼ਾਂ ਪਿੰਡ ਬਹਿਰਾਮ ਸ਼ਰਿਸ਼ਤਾ ਨੇੜੇ ਖੇਤਾਂ ’ਚੋਂ ਮਿਲੀਆਂ ਸਨ। ਲਾਸ਼ਾਂ 'ਤੇ ਕੋਈ ਜ਼ਿਆਦਾ ਸੱਟ ਦੇ ਨਿਸ਼ਾਨ ਨਹੀਂ ਸਨ ਅਤੇ ਅਜਿਹਾ ਲੱਗਦਾ ਸੀ ਕਿ ਉਹ ਪਿੰਡ ਬਹਿਰਾਮ ਸ਼ਰਿਸਤਾ ਤੋਂ ਇੱਟਾਬੱਧੀ ਰੋਡ ਉਤੇ ਖੜ੍ਹੇ ਇਕ ਗੱਡੇ ਨਾਲ ਟਕਰਾ ਗਏ ਹੋਣਗੇ। ਪਰਿਵਾਰਕ ਮੈਂਬਰਾਂ ਅਨੁਸਾਰ, 15 ਜਨਵਰੀ ਨੂੰ ਉਨ੍ਹਾਂ ਦੇ ਲੜਕਿਆ ਨੂੰ ਇਕ ਨੌਜਵਾਨ ਸਾਗਰ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਗੇਹਲੜਾ, ਥਾਣਾ ਭੋਗਪੁਰ, ਪਿੰਡ ਭੂੰਦੀਆ ਵਿਖੇ ਇਕ ਪਾਰਟੀ ’ਤੇ ਲੈ ਗਿਆ ਸੀ।
ਬੀਤੇ ਸ਼ੁੱਕਰਵਾਰ ਦੇਰ ਰਾਤ ਇਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਲੋਂ ਇਨ੍ਹਾਂ ਦੀਆ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਕਸਬਾ ਟਾਂਡਾ ਵਿਖੇ ਮੋਰਚਰੀ ’ਚ ਰੱਖਵਾ ਦਿੱਤੀਆਂ ਗਈਆ ਸਨ ਅਤੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਿਕ ਮੈਂਬਰ ਥਾਣਾ ਭੋਗਪੁਰ ਦੀ ਕਾਰਵਾਈ ’ਤੇ ਸੰਤੁਸ਼ਟ ਨਹੀਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਇਹ ਨੌਜਵਾਨ ਪਿੰਡ ਭੂੰਦੀਆ ਵਿਖੇ ਪਾਰਟੀ ’ਤੇ ਗਏ ਸਨ ਅਤੇ ਜਦ ਰਾਤ ਨੂੰ ਵਾਪਸ ਆ ਰਹੇ ਸਨ ਤਾਂ ਇਨ੍ਹਾਂ ਦਾ ਕਰਨ ਪੁੱਤਰ ਕਿਸ਼ਨ ਵਾਸੀ ਪਿੰਡ ਬਹਿਰਾਮ ਸ਼ਰਿਸਤਾ ਵਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਤਲ ਕਰ ਦਿੱਤਾ ਗਿਆ ਹੈ, ਕਿਉਂਕਿ ਮ੍ਰਿਤਕ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਦੀ ਕਰਨ ਦੀ ਭੈਣ ਨਾਲ ਗੱਲਬਾਤ ਸੀ, ਜਿਸ ਕਰਕੇ ਉਹ ਅਰਸ਼ ਨਾਲ ਲਾਗ-ਡਾਟ ਰੱਖਦਾ ਸੀ। ਇਸ ਲਈ ਕਰਨ ਪੁੱਤਰ ਕਿਸ਼ਨ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। ਇਸ ਮੰਗ ਨੂੰ ਲੈ ਕੇ ਅੱਜ ਦੁਪਹਿਰ 12-00 ਵਜੇ ਦਿਨ ਇਨ੍ਹਾਂ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਇਨ੍ਹਾਂ ਦੋਵੇਂ ਪਿੰਡਾਂ ਦੇ 50/60 ਵਸਨੀਕਾਂ ਵਲੋਂ ਮ੍ਰਿਤਕ ਆਰੀਅਨ ਦੇ ਪਿਤਾ ਦਲਜੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਗੇਹਲੜਾ ਥਾਣਾ ਭੋਗਪੁਰ ਦੀ ਅਗਵਾਈ ’ਚ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਥਾਣਾ ਭੋਗਪੁਰ ਸਾਹਮਣੇ ਧਰਨਾ ਲਗਾ ਦਿੱਤਾ ਗਿਆ।
;
;
;
;
;
;
;