ਪਿੰਡ ਦੇਵੀਦਾਸਪੁਰਾ ਦੇ ਨੌਜਵਾਨ ਦੀ ਕੈਨੇਡਾ 'ਚ ਗੋਲੀਆਂ ਮਾਰ ਕੇ ਹੱਤਿਆ
ਜੰਡਿਆਲਾ ਗੁਰੂ 15 ਜਨਵਰੀ (ਪ੍ਰਮਿੰਦਰ ਸਿੰਘ ਜੋਸਨ )-ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਦੇਵੀਦਾਸਪੁਰਾ ਦੇ ਨੌਜਵਾਨ ਦੀ ਕੈਨੇਡਾ 'ਚ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਅਤੇ ਉਸਦੀ ਲਾਸ਼ ਜੰਗਲ ਵਿਚੋਂ ਬਰਾਮਦ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਸੰਧੂ (21) ਪੁੱਤਰ ਸੁਖਦੇਵ ਸਿੰਘ ਸੁੱਖਾ ਦੋਧੀ ਵਾਸੀ ਪਿੰਡ ਦੇਵੀਦਾਸਪੁਰਾ ਜੋ ਕਿ 10 ਅਗਸਤ 2023 'ਚ ਸਟੱਡੀ ਬੇਸ 'ਤੇ ਕਨੇਡਾ ਗਿਆ ਸੀ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਵਰਕ ਪਰਮਿਟ 'ਤੇ ਕੰਮ ਕਰ ਰਿਹਾ ਸੀ ।
ਬੀਤੇ ਦਿਨ ਕੈਨੇਡਾ ਪੁਲਿਸ ਵਲੋਂ ਮ੍ਰਿਤਕ ਸਿਮਰਨਜੀਤ ਸਿੰਘ ਸੰਧੂ ਦੇ ਪਰਿਵਾਰ ਨੂੰ ਇੱਥੇ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ ਜੰਗਲ 'ਚੋਂ ਲਾਸ਼ ਮਿਲੀ ਹੈ, ਜਿਸ ਦੇ ਸਿਰ 'ਚ ਗੋਲੀਆਂ ਵੱਜੀਆਂ ਹੋਈਆਂ ਹਨ। ਮ੍ਰਿਤਕ ਨੌਜਵਾਨ ਸਿਮਰਨਜੀਤ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ ਨੇ ਆਪਣੇ ਪੁੱਤਰ ਦੀ ਬਿਹਤਰ ਜ਼ਿੰਦਗੀ ਬਣਾਉਣ ਦੇ ਵਾਸਤੇ ਪੈਲੀ ਵੇਚ ਕੇ ਕੈਨੇਡਾ ਭੇਜਿਆ ਸੀ ਅਤੇ ਉਹ ਆਪਣੀ ਪੜ੍ਹਾਈ ਖਤਮ ਕਰਨ ਉਪਰੰਤ ਕਸੀਨੋ ਵਿਚ ਸਿਕਿਉਰਟੀ ਦਾ ਅਤੇ ਉਸ ਤੋਂ ਬਾਅਦ ਪਾਰਸਲ ਦੀ ਡਿਲੀਵਰੀ ਦਾ ਕੰਮ ਕਰਦਾ ਸੀ । ਮ੍ਰਿਤਕ ਨੌਜਵਾਨ ਸਿਮਰਨਜੀਤ ਸਿੰਘ ਸੰਧੂ ਦੇ ਪਿਤਾ ਸੁਖਦੇਵ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਉਸ ਦੇ ਨਾਲ ਕਮਰੇ ਵਿਚ ਰਹਿੰਦੇ ਦੋ ਤਿੰਨ ਨੌਜਵਾਨਾਂ ਵਲੋਂ ਲਾਲਚ ਵੱਸ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੇ ਪੁੱਤਰ ਨੇ ਪੀ. ਆਰ. ਦੀ ਫਾਈਲ ਲਗਾਈ ਹੋਈ ਸੀ ਅਤੇ ਉਸ ਕੋਲ 12 - 13 ਲੱਖ ਰੁਪਏ ਸਨ, ਜੋ ਵਕੀਲ ਨੂੰ ਦੇਣੇ ਸਨ ਅਤੇ ਉਸਨੇ ਆਪਣੀ ਲੈਬਰਗਿਨੀ ਗੱਡੀ ਵੀ ਵੇਚੀ ਹੋਈ ਸੀ ਅਤੇ ਉਸਦੇ ਪੈਸੇ ਵੀ ਉਸ ਦੇ ਕੋਲ ਸਨ । ਉਨ੍ਹਾਂ ਦੱਸਿਆ ਕਿ ਕੈਨੇਡਾ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਸਰੀ ਦੇ ਸ਼ਹਿਰ ਕੈਮਲੂਸ (ਬ੍ਰਿਟਿਸ਼ ਕੋਲੰਬੀਆ) ਦੇ ਜੰਗਲਾਂ ਵਿਚੋਂ ਮਿਲੀ ਹੈ, ਜਿਸ ਦੇ ਸਿਰ 'ਚ ਗੋਲੀਆਂ ਵੱਜੀਆਂ ਹੋਈਆਂ ਸਨ ।
;
;
;
;
;
;
;
;