ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ 'ਚ ਢੋਲ ਮਾਰਚ, ਰੈਲੀਆਂ ਕਰਕੇ ਲੋਕਾਂ ਨੂੰ ਸੰਘਰਸ਼ ਪ੍ਰਤੀ ਕੀਤਾ ਲਾਮਬੰਦ
ਮਹਿਲ ਕਲਾਂ,15 ਜਨਵਰੀ (ਅਵਤਾਰ ਸਿੰਘ ਅਣਖੀ)-ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਚਾਰ ਲੋਕ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ 16 ਜਨਵਰੀ ਨੂੰ ਸਾਰੇ ਭਾਰਤ 'ਚ ਜ਼ਿਲਾ ਹੈੱਡਕੁਆਰਟਰਾਂ 'ਤੇ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਵਿਸ਼ਾਲ ਰੋਸ ਧਰਨੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਸ ਸਬੰਧੀ ਅੱਜ ਮਹਿਲ ਕਲਾਂ ਦੇ ਪਿੰਡਾਂ ਸਹੌਰ, ਲੋਹਗੜ੍ਹ ਅਤੇ ਮਹਿਲ ਖੁਰਦ ’ਚ ਢੋਲ ਮਾਰਚ ਕਰਕੇ ਰੈਲੀਆਂ ਕੀਤੀਆਂ ਗਈਆਂ, ਜਿੱਥੇ ਲੋਕਾਂ ਨੂੰ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿੱਲਾਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਭਾਕਿਯੂ ਡਕੌਂਦਾ ਧਨੇਰ ਦੇ ਆਗੂ ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2025 ਰਾਹੀਂ ਬਿਜਲੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਬਿਜਲੀ ਨੂੰ ਮਹਿੰਗਾ ਤੇ ਅਪਹੁੰਚ ਬਣਾਇਆ ਜਾ ਰਿਹਾ ਹੈ। ਭਾਕਿਯੂ ਕਾਦੀਆਂ ਦੇ ਆਗੂ ਸਰਬਜੀਤ ਸਿੰਘ ਸਹੌਰ ਨੇ ਕਿਹਾ ਕਿ ਬੀਜ ਸੋਧ ਬਿੱਲ ਰਾਹੀਂ ਬੀਜਾਂ ’ਤੇ ਕਿਸਾਨਾਂ ਦੇ ਅਧਿਕਾਰ ਖ਼ਤਮ ਕਰਕੇ ਉਨ੍ਹਾਂ ਨੂੰ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਸੂਬਾਈ ਮਜ਼ਦੂਰ ਆਗੂ ਕਾਮਰੇਡ ਖੁਸੀਆ ਸਿੰਘ ਨੇ ਕਿਹਾ ਕਿ ਮਨਰੇਗਾ ਦਾ ਨਾਂਅ ਬਦਲ ਕੇ ‘ਜੀ ਰਾਮ ਜੀ’ ਰੱਖਣ ਅਤੇ ਇਸ ਯੋਜਨਾ ਨੂੰ ਕਮਜ਼ੋਰ ਕਰਕੇ ਹੌਲੀ-ਹੌਲੀ ਖਤਮ ਕਰਨ ਦੀ ਨੀਤੀ ਘੜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੇਬਰ ਕਾਨੂੰਨਾਂ ਨੂੰ ਚਾਰ ਕੋਡਾਂ ਤੱਕ ਸੀਮਿਤ ਕਰਕੇ ਮਜ਼ਦੂਰਾਂ ਤੋਂ ਬਿਨਾ ਵਾਧੂ ਭੁਗਤਾਨ ਦੇ ਵੱਧ ਕੰਮ ਲੈਣ ਦਾ ਰਾਹ ਖੋਲ੍ਹਿਆ ਜਾ ਰਿਹਾ। ਇਸ ਮੌਕੇ ਗੁਰਦੇਵ ਸਿੰਘ ਮਾਂਗੇਵਾਲ, ਦਾਰਾ ਸਿੰਘ, ਨਿਰਮਲ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਆਗੂਆਂ ਨੇ ਵੀ ਵਿਚਾਰ ਰੱਖੇ।
;
;
;
;
;
;
;
;