ਕਾਰਾਂ ਦੀ ਭਿਆਨਕ ਟੱਕਰ 'ਚ ਇੱ-ਕ ਦੀ ਮੌਤ, 4 ਤੋਂ ਵੱਧ ਜ਼ਖ਼ਮੀ
ਚੋਗਾਵਾਂ/ਅੰਮ੍ਰਿਤਸਰ, 14 ਜਨਵਰੀ (ਗੁਰਵਿੰਦਰ ਸਿੰਘ ਕਲਸੀ)- ਕਸਬਾ ਲੋਪੋਕੇ ਰੋਡ ਚੋਗਾਵਾਂ ਵਿਖੇ ਛਾਉਣੀ ਬਾਬਾ ਬੰਦਾ ਬਹਾਦਰ ਵਿਖੇ 2 ਕਾਰਾਂ ਦੀ ਆਮੋ-ਸਾਹਮਣੇ ਹੋਈ ਭਿਆਨਕ ਟੱਕਰ ਵਿਚ ਇਕ ਵਿਅਕਤੀ ਦੀ ਦਰਦਨਾਕ ਮੌਤ ਅਤੇ 4 ਤੋਂ ਵੱਧ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਨੀ ਵਾਸੀ ਚਵਿੰਡਾ ਕਲਾਂ ਨੇ ਦੱਸਿਆ ਕਿ ਉਹ ਪਿੰਡ ਚੱਕ ਮਿਸ਼ਰੀ ਖਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਪਣੇ ਪਰਿਵਾਰ ਸਮੇਤ ਵਾਪਸ ਚਵਿੰਡਾ ਕਲਾ ਜਾ ਰਹੇ ਸਨ। ਗੱਡੀ ਵਿਚ ਮੇਰੇ ਨਾਲ ਤਾਇਆ ਗੁਰਮੀਤ ਸਿੰਘ , ਮਾਤਾ ਸਰਬਜੀਤ ਕੌਰ ਸਮੇਤ 3 ਬੱਚੇ ਸਵਾਰ ਸਨ। ਜਦੋਂ ਉਹ ਲੋਪੋਕੇ ਰੋਡ 'ਤੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਕਾਲੇ ਰੰਗ ਦੀ ਸਵਿਫਟ ਕਾਰ ਨੇ ਉਨ੍ਹਾਂ ਦੀ ਗੱਡੀ ਵਿਚ ਭਿਆਨਕ ਟੱਕਰ ਮਾਰ ਦਿੱਤੀ ਤੇ ਚੀਕ ਚਿਹਾੜਾ ਪੈ ਗਿਆ। ਛਾਉਣੀ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਬਾ ਰਾਜਨ ਸਿੰਘ ਤੇ ਹੋਰਨਾਂ ਨੇ ਬੜੀ ਜੱਦੋ ਜਹਿਦ ਕਰਕੇ ਗੱਡੀ ਵਿਚੋਂ ਸਾਡੇ ਸਾਰੇ ਪਰਿਵਾਰ ਨੂੰ ਬਾਹਰ ਕੱਢਿਆ ਤੇ ਆਪਣੀ ਗੱਡੀ ਵਿਚ ਪਾ ਕੇ ਇਲਾਜ ਲਈ ਹਸਪਤਾਲ ਲਿਜਾਂਦਾ ਗਿਆ । ਜਿੱਥੇ ਡਾਕਟਰਾਂ ਨੇ ਗੁਰਮੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਸਥਾਨ 'ਤੇ ਥਾਣਾ ਲੋਪੋਕੇ ਦੀ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੁਲਿਸ ਘਟਨਾ ਦੇ ਸੰਬੰਧ ਵਿਚ ਅਗਲੇਰੀ ਕਾਰਵਾਈ ਕਰ ਰਹੀ ਹੈ।
;
;
;
;
;
;
;
;