JALANDHAR WEATHER

ਕੱਪੜਿਆਂ ਤੋਂ ਕਿਤਾਬਾਂ ਤੱਕ ਇਕ ਛੱਤ ਹੇਠ, ਸੈਕਟਰ-38 ਸੀ ’ਚ ਲੱਗੇ "ਇਕ ਰੁਪਏ ਸਟੋਰ" ਨੂੰ ਮਿਲਿਆ ਵੱਡਾ ਹੁੰਗਾਰਾ

ਚੰਡੀਗੜ੍ਹ, 25 ਦਸੰਬਰ (ਸੰਦੀਪ ਕੁਮਾਰ ਮਾਹਨਾ) - ਨਗਰ ਨਿਗਮ ਚੰਡੀਗੜ੍ਹ ਵਲੋਂ ਸੈਕਟਰ-38 ਸੀ ਸਥਿਤ ਰਾਣੀ ਝਾਂਸੀ ਭਵਨ ਵਿਖੇ ਇਕ ਦਿਨ ਲਈ ਲਗਾਏ ਗਏ ‘ਇਕ ਰੁਪਇਆ ਸਟੋਰ’ ਨੂੰ ਜ਼ਰੂਰਤਮੰਦ ਲੋਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ। ਸਟੋਰ ’ਚ ਮੁਹਈਆ ਕਰਵਾਏ ਗਏ ਸਮਾਨ ਨੂੰ ਲੈ ਕੇ ਲੋਕ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਨਿਗਮ ਦੇ ਇਸ ਉਪਰਾਲੇ ਦੀ ਖੁੱਲ੍ਹ ਕੇ ਸਰਾਹਨਾ ਕੀਤੀ।

ਇਸ "ਇੱਕ ਰੁਪਏ ਸਟੋਰ" ਰਾਹੀਂ ਕਿਸੇ ਨੂੰ ਗਰਮ ਕੱਪੜੇ ਮਿਲੇ, ਕਿਸੇ ਨੂੰ ਜੁੱਤੇ ਤਾਂ ਕਿਸੇ ਨੂੰ ਕਿਤਾਬਾਂ ਅਤੇ ਕਾਪੀਆਂ। ਕਈ ਮਾਪਿਆਂ ਨੇ ਆਪਣੇ ਬੱਚਿਆਂ ਲਈ ਪੜ੍ਹਾਈ ਸੰਬੰਧੀ ਸਮਾਨ ਲੈ ਕੇ ਜਾਣ ’ਤੇ ਖੁਸ਼ੀ ਜ਼ਾਹਰ ਕੀਤੀ। ਸਟੋਰ ’ਚ ਸਭ ਤੋਂ ਵੱਧ ਗਿਣਤੀ ਕੱਪੜਿਆਂ ਅਤੇ ਜੁੱਤਿਆਂ ਦੀ ਹੀ ਰਹੀ।

ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਸਟੋਰ ਦਾ ਉਦਘਾਟਨ ਕਰਦੇ ਹੋਏ ਦੱਸਿਆ ਕਿ ਨਗਰ ਨਿਗਮ ਵਲੋਂ ਪਿਛਲੇ ਕਈ ਸਾਲਾਂ ਤੋਂ ਇਸ ਤਰ੍ਹਾਂ ਦੇ ਲੋਕ-ਹਿਤੈਸ਼ੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਸ਼ਹਿਰ ਵਾਸੀਆਂ ਵਲੋਂ ਘਰਾਂ ’ਚ ਪਿਆ ਵਰਤੋਂ ਯੋਗ ਫ਼ਾਲਤੂ ਸਮਾਨ, ਜਿਵੇਂ ਕਿ ਕੱਪੜੇ, ਇਲੈਕਟ੍ਰਾਨਿਕ ਸਮਾਨ, ਕੰਪਿਊਟਰ, ਐਲਸੀਡੀ, ਗਰਮ ਕੱਪੜੇ ਆਦਿ ਨਗਰ ਨਿਗਮ ਦੇ ਕਲੈਕਸ਼ਨ ਸੈਂਟਰਾਂ ’ਚ ਜਮ੍ਹਾਂ ਕਰਵਾਇਆ ਜਾਂਦਾ ਹੈ।

ਮੇਅਰ ਨੇ ਦੱਸਿਆ ਕਿ ਇਕੱਠੇ ਕੀਤੇ ਸਮਾਨ ਨੂੰ ਪਹਿਲਾਂ ਸਾਫ਼-ਸੁਥਰਾ ਕਰਵਾਇਆ ਜਾਂਦਾ ਹੈ ਅਤੇ ਜ਼ਰੂਰਤ ਅਨੁਸਾਰ ਮੁਰੰਮਤ ਤੋਂ ਬਾਅਦ ਹਰ ਸਾਲ ‘ਇਕ ਰੁਪਏ ਸਟੋਰ’ ਦੇ ਨਾਮ ਹੇਠ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਤਾਂ ਜੋ ਜ਼ਰੂਰਤਮੰਦ ਲੋਕ ਆਪਣੀ ਲੋੜ ਅਨੁਸਾਰ ਸਮਾਨ ਲੈ ਸਕਣ। ਇਸ ਨਾਲ ਜਿਥੇ ਲੋਕਾਂ ਦੀ ਮਦਦ ਹੁੰਦੀ ਹੈ, ਉੱਥੇ ਹੀ ਸਮਾਨ ਦੀ ਬਰਬਾਦੀ ਵੀ ਰੁੱਕਦੀ ਹੈ।

ਮੇਅਰ ਨੇ ਕਿਹਾ ਕਿ ਇਸ ਯੋਜਨਾ ਦਾ ਸਭ ਤੋਂ ਵੱਧ ਲਾਭ ਉਹ ਗਰੀਬ ਅਤੇ ਜ਼ਰੂਰਤਮੰਦ ਬੱਚੇ ਉਠਾਉਂਦੇ ਹਨ, ਜੋ ਆਰਥਿਕ ਤੰਗੀ ਕਾਰਨ ਕਿਤਾਬਾਂ ਜਾਂ ਕਾਪੀਆਂ ਨਹੀਂ ਖਰੀਦ ਸਕਦੇ। ਨਾਲ ਹੀ ਇਸ ਉਪਰਾਲੇ ਨਾਲ ਨਗਰ ਨਿਗਮ ਨੂੰ ਵੀ ਆਮਦਨ ਹੁੰਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ