ਨੁਕਸਾਨੀਆਂ ਫ਼ਸਲਾਂ ਦਾ ਮੁਆਵਜਾ ਨਾ ਮਿਲਣ 'ਤੇ ਕਿਸਾਨ ਜਥੇਬੰਦੀ ਵਲੋਂ ਤਹਿਸੀਲ ਲੋਪੋਕੇ ਦਾ ਘਿਰਾਓ
ਚੋਗਾਵਾਂ/ਅੰਮ੍ਰਿਤਸਰ, 22 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਇਸ ਸਾਲ ਮਾਰਚ ਮਹੀਨੇ ਬੇਮੌਸਮੇ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਨਾ ਮਿਲਣ ਕਾਰਨ ਰੋਹ 'ਚ ਆਏ ਇਲਾਕੇ ਦੇ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਜ਼ਿਲ੍ਹਾ ਪ੍ਰਧਾਨ ਸੁਵਿੰਦਰ ਸਿੰਘ ਕਲੇਰ ਦੀ ਅਗਵਾਈ ਹੇਠ ਤਹਿਸੀਲ ਲੋਪੋਕੇ ਅੱਗੇ ਧਰਨਾ ਲਗਾਇਆ ਗਿਆ। ਇਸ ਮੌਕੇ ਇਕੱਤਰ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਵਿੰਦਰ ਸਿੰਘ ਕਲੇਰ, ਰਣਜੀਤ ਸਿੰਘ ਰਾਣਾ, ਜਗਤਾਰ ਸਿੰਘ ਝੰਜੋਟੀ, ਜਸਪਾਲ ਸਿੰਘ ਕੋਟਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮੀਂਹ ਅਤੇ ਗੜ੍ਹੇਮਾਰੀ ਕਾਰਨ ਖ਼ਰਾਬ ਹੋਈ ਕਣਕ ਦੀ ਫਸਲ ਦਾ ਵਿਸਾਖੀ ਤੱਕ ਮੁਆਵਜ਼ਾ ਦੇ ਦਿੱਤਾ ਜਾਵੇਗਾ, ਪਰ ਸੈਂਕੜੇ ਪੀੜਤ ਕਿਸਾਨ ਆਪਣੀ ਪੁੱਤਾਂ ਵਾਂਗੂ ਪਾਲੀ ਫ਼ਸਲ ਦਾ ਮੁਆਵਜ਼ਾ ਲੈਣ ਲਈ ਅੱਜ ਵੀ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮਸਲਾ ਪ੍ਰਸ਼ਾਸਨ ਅਤੇ ਸਰਕਾਰ ਦੇ ਧਿਆਨ ਵਿਚ ਕਈ ਵਾਰ ਲਿਆਂਦਾ ਜਾ ਚੁੱਕਾ ਹੈ, ਪਰ ਫਿਰ ਵੀ ਪੀੜਤ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਰਹਿੰਦੇ ਕਿਸਾਨਾਂ ਨੂੰ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਨਹੀਂ ਮਿਲਦਾ, ਉਨ੍ਹਾਂ ਚਿਰ ਸਾਡੀ ਜਥੇਬੰਦੀ ਵੱਲੋਂ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰਹੇਗਾ।
;
;
;
;
;
;
;
;